Category : Panjabi News | panjabi news Posted on 2021-02-04 09:31:39
ਭਾਰਤੀ ਅਤੇ ਹੋਰ ਵਿਦੇਸ਼ੀ ਸਿੱਖਿਅਤਾਂ ਦੀ ਨੁਮਾਇੰਦਗੀ ਕਰਨ ਵਾਲੇ ਮੈਡੀਕਲ ਸੰਗਠਨ ਉਨ੍ਹਾਂ ਬਾਲਗ ਨਿਰਭਰ ਰਿਸ਼ਤੇਦਾਰ ਨਿਯਮਾਂ (ਅਡਲਟ ਡਿਪੈਂਡਿੰਟ ਰਿਲੇਟਿਵ ਰੂਲਸ) ਨੂੰ ਬਦਲਣ ਦੀ ਮੁੁੁਹਿੰਮ ਚਲਾ ਰਹੇ ਹਨ ਜਿਹੜੇ ਯੂ ਕੇ ਵਿੱਚ ਵੱਸਣ ਵਾਲੇ ਡਾਕਟਰਾਂ ਲਈ ਉਨ੍ਹਾਂ ਦੇ ਮਾਤਾ-ਪਿਤਾ ਨਾਲ ਰਹਿਣ ਦੇ ਅਧਿਕਾਰ ਨੂੰ ਅਸੰਭਵ ਬਣਾਉਂਦੇ ਹਨ। ਭਾਰਤੀ ਮੂਲ ਦੇ ਬ੍ਰਿਟਿਸ਼ ਐਸੋਸੀਏਸ਼ਨ ਆਫ ਫਿਜੀਸ਼ੀਅਨ (ਬੀ ਏ ਪੀ ਆਈ ਓ) ਨਾਲ ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ ਤੇ ਪ੍ਰਵਾਸੀ ਡਾਕਟਰਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਹੋਰ ਸੰਸਥਾਵਾਂ ਨੇ ਇਸ ਬਾਰੇ ਯੂ ਕੇ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੂੰ ਇੱਕ ਪੱਤਰ ਦਿੱਤਾ ਅਤੇ ਉਨ੍ਹਾਂ ਨੂੰ ਇਮੀਗ੍ਰੇਸ਼ਨ ਐਕਟ ਦੇ ਪਾਬੰਦੀਸ਼ੁਦਾ ਨਿਯਮਾਂ ਦੀ ਸਮੀਖਿਆ ਕਰਨ ਲਈ ਕਿਹਾ ਹੈ। ਸਾਬਕਾ ਗ੍ਰਹਿ ਮੰਤਰੀ ਥੈਰੀਸਾ ਮੇਅ ਨੇ 2012 ਵਿੱਚ ਨਿਯਮਾਂ ਨੂੰ ਬਦਲ ਦਿੱਤਾ ਸੀ ਤਾਂ ਜੋ ਵਿਦੇਸ਼ਾਂ ਵਿੱਚ ਸਿੱਖਿਅਤ ਡਾਕਟਰ ਆਪਣੇ ਬਜ਼ੁਰਗ ਮਾਤਾ-ਪਿਤਾ ਨੂੰ ਆਪਣੇ ਨਾਲ ਰਹਿਣ ਲਈ ਸਿਰਫ ਉਦੋਂ ਲਿਆ ਸਕਦੇ ਸਨ, ਜੇ ਉਹ ਸਾਬਤ ਕਰ ਦੇਣ ਕਿ ਉਨ੍ਹਾਂ ਨੂੰ ਨਿੱਜੀ ਦੇਖਭਾਲ ਲਈ ਲੰਬੇ ਸਮੇਂ ਤੱਕ ਸੇਵਾ ਦੀ ਲੋੜ ਹੈ ਅਤੇ ਜੋ ਸਿਰਫ ਯੂ ਕੇ ਵਿੱਚ ਦਿੱਤੀ ਜਾ ਸਕਦੀ ਹੈ। ਭਾਰਤੀ ਡਾਕਟਰਾਂ ਨੇ ਸ਼ਿਕਾਇਤ ਕੀਤੀ ਕਿ ਅਰਜ਼ੀ ਦੀ ਪ੍ਰਕਿਰਿਆ ਇੱਕ ਬੋਝ ਹੈ ਅਤੇ ਇਹ ਸਾਬਤ ਕਰਨਾ ਅਸੰਭਵ ਹੈ ਕਿ ਭਾਰਤ ਵਿੱਚ ਬਰਾਬਰ ਪੱਧਰ ਦੀ ਦੇਖਭਾਲ ਉਪਲਬਧ ਨਹੀਂ ਹੈ।
ਪੱਤਰ ਵਿੱਚ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੂੰ ਅਪੀਲ ਕੀਤੀ ਗਈ ਕਿ ਉਹ ਬਜ਼ੁਰਗ ਮਾਤਾ-ਪਿਤਾ ਨੂੰ ਉਨ੍ਹਾਂ ਨਾਲ ਰਹਿਣ ਦੇਣ ਲਈ ਨਿਯਮਾਂ ਨੂੰ ਹੋਰ ਸਰਲ ਕਰਨ ਦੀ ਇਜਾਜ਼ਤ ਦੇਣ ਕਿਉਂਕਿ ਅਜਿਹਾ ਆਸਟ੍ਰੇਲੀਆ ਅਤੇ ਕੈਨੇਡਾ ਜਿਹੇ ਹੋਰ ਦੇਸ਼ਾਂ ਵਿੱਚ ਸੰਭਵ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਨਾਲ ਡਾਕਟਰਾਂ ਨੂੰ ਫਰੰਟ ਲਾਈਨ `ਤੇ ਕੰਮ ਕਰਨ ਦਾ ਭਰੋਸਾ ਮਿਲੇਗਾ। ਇਸ ਤਰ੍ਹਾਂ ਉਹ ਆਪਣੇ ਬਜ਼ੁਰਗ ਮਾਤਾ-ਪਿਤਾ ਦੀ ਨਿੱਜੀ ਦੇਖਭਾਲ ਦੀ ਜ਼ਿੰਮੇਵਾਰੀ ਨੂੰ ਪੂਰਾ ਕਰਦੇ ਹੋਏ ਐਨ ਐਚ ਐਸ ਲਈ ਕੰਮ ਕਰਦੇ ਰਹਿਣਗੇ। ਭਾਰਤ `ਚ ਪੈਦਾ ਹੋਏ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਦੇ ਡਾਕਟਰ ਕਮਲ ਸਿੱਧੂ, ਜੋ ਡਰਹਮ ਵਿੱਚ ਇੱਕ ਫੈਮਿਲੀ ਡਾਕਟਰ ਹਨ ਉਹ ਦਯਾਨੰਦ ਮੈਡੀਕਲ ਕਾਲਜ ਤੋਂ ਟਰੇਨਿੰਗ ਲੈ ਕੇ 2003 ਤੋਂ ਯੂ ਕੇ ਵਿੱਚ ਆਪਣੇ ਪਰਵਾਰ ਨਾਲ ਰਹਿੰਦੇ ਹਨ। ਉਹ ਬ੍ਰਿਟਿਸ਼ ਨਾਗਰਿਕ ਹਨ ਪਰ ਆਪਣੇ ਮਾਤਾ-ਪਿਤਾ ਨੂੰ ਯੂ ਕੇ ਲਿਆਉਣ ਵਿੱਚ ਅਸਫਲ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇੱਕ ਅਧੁੂਰੇ ਪਰਵਾਰ ਦੀ ਤਰ੍ਹਾਂ ਮਹਿਸੂਸ ਕਰਦੇ ਹਾਂ। ਸਾਡੇ ਮਾਤਾ-ਪਿਤਾ ਨੇ ਆਪਣਾ ਸਾਰਾ ਜੀਵਨ ਸਾਡੇ ਲਈ ਕੰਮ ਕੀਤੇ ਅਤੇ ਅਸੀਂ ਚਾਹੁੰਦੇ ਹਾਂ ਕਿ ਜ਼ਿੰਦਗੀ ਦੇ ਇਸ ਪੜਾਅ ਵਿੱਚ ਅਸੀਂ ਉਨ੍ਹਾਂ ਨਾਲ ਰਹੀਏ ਤੇ ਉਨ੍ਹਾਂ ਦੀ ਦੇਖਭਾਲ ਕਰੀਏ।