Category : World | world Posted on 2021-02-08 09:52:24
ਮੁੰਬਈ – ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਵਕੀਲ ਅਤੇ ਲੇਖਿਕਾ ਮੀਨਾ ਹੈਰਿਸ ਨੇ ਕਿਹਾ ਹੈ ਕਿ ਉਹ ਭਾਰਤ ਦੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਲਈ ਕੀਤੀ ਗਈ ਉਸ ਦੀ ਆਲੋਚਨਾ ਦੀ ਪ੍ਰਵਾਹ ਨਹੀਂ ਕਰਦੀ। ਇਸ ਦੇ ਨਾਲ ਮੀਨਾ ਨੇ ਕਿਹਾ ਕਿ ਉਹ ਸੰਘਰਸ਼ ਦੀ ਹਮਾਇਤ ਕਰਦੀ ਰਹੇਗੀ। ਉਸ ਨੇ ਰੋਸ ਮੁਜ਼ਾਹਰਿਆਂ ਦੇ ਹੱਕ ਵਿੱਚ ਕਈ ਟਵੀਟ ਸ਼ੇਅਰ ਕੀਤੇ ਹਨ।
ਇੱਕ ਟਵੀਟ ਵਿੱਚ ਮੀਨਾ ਨੇ ਕਿਹਾ, ‘ਇਹ ਸਿਰਫ ਖੇਤੀਬਾੜੀ ਨੀਤੀ ਬਾਰੇ ਨਹੀਂ, ਇਹ ਆਵਾਜ਼ ਬੁਲੰਦ ਕਰਨ ਦੀ ਇੱਕ ਧਾਰਮਿਕ ਘੱਟਗਿਣਤੀ ‘ਤੇ ਜ਼ੁਲਮ ਕਰਨ ਬਾਰੇ ਹੈ। ਇਹ ਪੁਲਸ ਹਿੰਸਾ, ਦਹਿਸ਼ਤਗਰਦ ਰਾਸ਼ਟਰਵਾਦ ਅਤੇ ਕਿਰਤ ਅਧਿਕਾਰਾਂ ‘ਤੇ ਹਮਲੇ ਨਾਲ ਜੁੜਿਆ ਹੋਇਆ ਮਾਮਲਾ ਹੈ। ਇਹ ਕੌਮਾਂਤਰੀ ਤਾਨਾਸ਼ਾਹੀ ਹੈ। ਆਪਣੇ ਮਸਲਿਆਂ ਤੋਂ ਮੈਨੂੰ ਬਾਹਰ ਰਹਿਣ ਬਾਰੇ ਨਾ ਦੱਸੋ। ਇਹ ਸਾਰੇ ਸਾਡੇ ਹੀ ਮੁੱਦੇ ਹਨ।’
ਆਸਕਰ ਅਤੇ ਬਾਫਟਾ ਸਨਮਾਨ ਜੇਤੂ ਉਘੀ ਹਾਲੀਵੁੱਡ ਅਦਾਕਾਰਾ ਸੂਜ਼ਨ ਮੈਰੰਡਨ ਨੇ ਵੀ ਸੰਘਰਸ਼ ਕਰਨ ਵਾਲੇ ਕਿਸਾਨਾਂ ਦੀ ਹਮਾਇਤ ਕੀਤੀ ਅਤੇ ਟਵੀਟ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਨਾਲ ਖੜ੍ਹੀ ਹੈ। 74 ਸਾਲਾ ਅਦਾਕਾਰਾ ਨੇ ਟਵੀਟ ਕਰਦਿਆਂ ‘ਦਿ ਨਿਊ ਯਾਰਕ ਟਾਈਮਜ਼’ ਦੀ ਇੱਕ ਖਬਰ ਸਾਂਝੀ ਕੀਤੀ ਹੈ, ਜਿਸ ਦਾ ਸਿਰਲੇਖ ਸੀ ‘ਭਾਰਤ ਵਿੱਚ ਸੰਘਰਸ਼ ਕਿਉਂ ਕਰ ਰਹੇ ਹਨ?’
ਮਸ਼ਹੂਰ ਟੈਲੀਵਿਜ਼ਨ ਪੇਸ਼ਕਾਰ ਬੇਅਰ ਗ੍ਰਿਲਸ ਨੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਖਿੱਚੀ ਇੱਕ ਫੋਟੋ ਨੂੰ ਟਵੀਟ ਕੀਤਾ, ਪਰ ਪੋਸਟ ਪਾਉਣ ਤੋਂ ਬਾਅਦ ਉਹ ਜਲਦੀ ਹੀ ਆਲੋਚਨਾ ‘ਚ ਘਿਰ ਗਏ। ਕਈਆਂ ਨੇ ਗ੍ਰਿਲਸ ਵੱਲੋਂ ਫੋਟੋ ਪਾਉਣ ਦੇ ਸਮੇਂ ‘ਤੇ ਸਵਾਲ ਉਠਾਏ।