ਵੈਂਡਲ ਐਰਬ ਨੂੰ ਨਿਯੁਕਤ ਕੀਤਾ ਗਿਆ ਓਟੀਏ ਦਾ ਚੇਅਰ

Category : Panjabi News | panjabi news Posted on 2020-12-20 08:50:15


ਵੈਂਡਲ ਐਰਬ ਨੂੰ ਨਿਯੁਕਤ ਕੀਤਾ  ਗਿਆ ਓਟੀਏ ਦਾ ਚੇਅਰ

ਓਨਟਾਰੀਓ ਸਥਿਤ ਐਰਬ ਟਰਾਂਸਪੋਰਟ ਬੇਡਨ ਦੇ ਸੀਈਓ ਤੇ ਪ੍ਰੈਜ਼ੀਡੈਂਟ ਵੈਂਡਲ ਐਰਬ ਨੂੰ ਦੋ ਸਾਲਾਂ ਲਈ ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ| ਇਹ ਐਲਾਨ ਬੀਤੇ ਦਿਨੀਂ ਓਟੀਏ ਦੀ ਵਰਚੂਅਲ ਐਗਜੈæਕਟਿਵ ਕਾਨਫਰੰਸ ਤੇ ਬੋਰਡ ਮੀਟਿੰਗ ਵਿੱਚ ਕੀਤਾ ਗਿਆ|

ਓਟੀਏ ਦੇ ਲੰਮੇਂ ਸਮੇਂ ਤੋਂ ਸਮਰਥਕ ਅਤੇ ਕਈ ਸਾਲਾਂ ਤੋਂ ਓਟੀਏ ਬੋਰਡ ਦੇ ਡਾਇਰੈਕਟਰਜ਼ ਤੇ ਐਗਜ਼ੈਕਟਿਵ ਕਮੇਟੀ ਵਿੱਚ ਸੇਵਾ ਨਿਭਾਅ ਚੁੱਕੇ ਐਰਬ ਪਿੱਛੇ ਜਿਹੇ ਪਹਿਲੇ ਵਾਈਸ ਚੇਅਰਮੈਨ ਵੀ ਰਹਿ ਚੁੱਕੇ ਹਨ| ਉਹ ਚੇਅਰ ਵਜੋਂ ਡੇਵਿਡ ਕਾਰਥ ਦੇ ਜਾਨਸ਼ੀਨ ਬਣਨਗੇ| ਵੈਂਡਲ ਨੇ ਆਪਣੀ ਕੰਪਨੀ ਦੀ ਵਾਗਡੋਰ 2011 ਦੇ ਅੰਤ ਵਿੱਚ ਆਪਣੇ ਮਰਹੂਮ ਪਿਤਾ ਤੇ ਕੰਪਨੀ ਦੇ ਬਾਨੀ ਵਰਨੌਨ ਐਰਬ ਕੋਲੋਂ ਸਾਂਭੀ ਸੀ| ਉਨ੍ਹਾਂ ਦੇ ਪਿਤਾ ਨੇ ਆਪਣੀ ਕੰਪਨੀ ਦੀ ਸ਼ੁਰੂਆਤ 1959 ਵਿੱਚ ਇੱਕ ਡੰਪ ਟਰੱਕ ਤੋਂ ਕੀਤੀ ਸੀ|

ਵੈਂਡਲ ਦੀ ਲੀਡਰਸ਼ਿਪ ਤਹਿਤ ਫਲੀਟ ਨੇ ਕਾਫੀ ਵਿਕਾਸ ਕੀਤਾ ਤੇ ਇਹ ਕੈਨੇਡਾ ਦੀਆਂ ਸੱਭ ਤੋਂ ਵੱਡੀਆਂ ਟਰੱਕਿੰਗ ਕੰਪਨੀਆਂ ਵਿੱਚੋ ਇੱਕ ਬਣ ਗਈ, ਜਿਸ ਦੀ ਮਹਾਰਤ ਰੈਫਰੀਜਰੇਟਿਡ ਫਰੇਟ ਵਿੱਚ ਹੈ ਤੇ ਇਸ ਦੇ 1500 ਕਰਮਚਾਰੀ ਹਨ| ਓਟੀਏ ਦੇ ਨਵੇਂ ਚੇਅਰ ਵਜੋਂ ਵੈਂਡਲ ਨੇ ਆਖਿਆ ਕਿ ਉਹ ਸਫਲਤਾ ਦੇ ਸਬੰਧ ਵਿੱਚ ਆਪਣੇ ਪਿਤਾ ਵੱਲੋਂ ਪਾਈ ਪਿਰਤ ਨੂੰ ਹੀ ਅੱਗੇ ਤੋਰਨਾ ਚਾਹੁੰਦੇ ਹਨ| ਉਨ੍ਹਾਂ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਆਪਣੀ ਨਿੱਕੀ ਉਮਰ ਵਿੱਚ ਹੀ ਉਨ੍ਹਾਂ ਸਿੱਖ ਲਿਆ ਸੀ ਕਿ ਸਫਲਤਾ ਲਈ ਕੋਈ ਗੁਪਤ ਰਾਹ ਨਹੀਂ ਹੁੰਦਾ| ਬੱਸ ਤੁਹਾਨੂੰ ਆਪਣੇ ਲੋਕਾਂ ਦਾ ਧਿਆਨ ਰੱਖਣਾ ਹੁੰਦਾ ਹੈ ਤੇ ਉਹ ਤੁਹਾਡਾ ਤੇ ਤੁਹਾਡੇ ਗਾਹਕਾਂ ਦਾ ਧਿਆਨ ਰੱਖ ਲੈਂਦੇ ਹਨ|

ਉਨ੍ਹਾਂ ਆਖਿਆ ਕਿ ਉਹ ਓਟੀਏ ਦੇ ਸਟਾਫ ਨਾਲ ਕੰਮ ਕਰਨ ਲਈ ਤਾਂਘਵਾਨ ਹਨ| ਉਨ੍ਹਾਂ ਇਹ ਵੀ ਆਖਿਆ ਕਿ ਓਟੀਏ ਨੇ ਕੋਵਿਡ-19 ਕਾਰਨ ਪੈਦਾ ਹੋਏ ਅੜਿੱਕਿਆਂ ਵਿੱਚੋਂ ਇੰਡਸਟਰੀ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਸੇਫਟੀ ਪਾਲਿਸੀ ਤੋਂ ਲੈ ਕੇ ਨੌਕਰੀਆਂ ਬਚਾਉਣ ਤੱਕ ਸਰਕਾਰਾਂ ਨਾਲ ਮਿਲ ਕੇ ਕਮਾਲ ਦਾ ਕੰਮ ਕੀਤਾ ਹੈ| ਉਨ੍ਹਾਂ ਆਖਿਆ ਕਿ ਉਹ ਇੰਡਸਟਰੀ ਦੇ ਅਤੀਤ ਵਿੱਚ ਰਹਿ ਚੁੱਕੇ, ਮੌਜੂਦਾ ਤੇ ਭਵਿੱਖ ਦੇ ਦਿੱਗਜਾਂ ਤੋਂ ਸੇਧ ਲੈਣਗੇ ਤੇ ਅਹੁਦਾ ਛੱੱਡ ਰਹੇ ਕਾਰਥ ਤੇ ਸੀਟੀਏ ਦੇ ਚੇਅਰ ਜੀਨ ਕਲੌਡ ਫੋਰਟਿਨ ਨਾਲ ਵੀ ਸਲਾਹ ਮਸ਼ਵਰਾ ਕਰਨਗੇ|

ਚੇਅਰ ਵਜੋਂ ਐਰਬ ਦੇ ਮੁੱਖ ਟੀਚਿਆਂ ਵਿੱਚ ਟਰੱਕ ਤੇ ਹਾਈਵੇਅ ਸੇਫਟੀ, ਟੈਕਸ ਲਾਅ ਤੇ ਐਨਵਾਇਰਮੈਂਟਲ ਰੂਲਜ਼ ਦੇ ਖੇਤਰ ਵਿੱਚ ਜ਼ਿੰਮੇਵਾਰ ਕਰੀਅਰਜ਼ ਨੂੰ ਮੁਕਾਬਲੇਬਾਜ਼ੀ ਲਈ ਅਨੁਕੂਲ ਮਾਹੌਲ ਮੁਹੱਈਆ ਕਰਵਾਉਣਾ ਤੇ ਸਹੀ ਸੇਧ ਦੇਣਾ ਹੋਵੇਗਾ| ਐਰਬ, ਜਿਨ੍ਹਾਂ ਨੇ ਇੰਡਸਟਰੀ ਦੀ ਸਾਖ ਨੂੰ ਹਮੇਸ਼ਾਂ ਬਰਕਰਾਰ ਰੱਖਣ ਲਈ ਆਪਣਾ ਫਰਜ਼ ਗੰਭੀਰਤਾ ਨਾਲ ਨਿਭਾਇਆ ਹੈ, ਨੇ ਹਮੇਸ਼ਾਂ ਓਨਟਾਰੀਓ ਤੇ ਕੈਨੇਡਾ ਭਰ ਦੀਆਂ ਸਰਕਾਰਾਂ ਨੂੰ ਇੰਡਸਟਰੀ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ਤੇ ਡਰਾਈਵਰ ਇੰਕ ਵਰਗੀਆਂ ਸਕੀਮਾਂ ਨੂੰ ਬੰਦ ਕਰਨ ਦੀ ਦਰਖੁਆਸਤ ਵੀ ਕੀਤੀ ਹੈ|

ਉਹ ਉਸ ਸਮੇਂ ਇਹ ਅਹੁਦਾ ਸਾਂਭ ਰਹੇ ਹਨ ਜਦੋਂ ਕੈਨੇਡੀਅਨ ਟਰੱਕਿੰਗ ਅਲਾਇੰਸ ਨੇ ਸਪਲਾਈ ਚੇਨ ਵਿੱਚ ਸ਼ਿਪਰਜ਼ ਤੇ ਰਸੀਵਰਜ਼ ਦੇ ਸੀਈਓਜ਼ ਤੇ ਪ੍ਰੈਜ਼ੀਡੈਂਟਸ ਨੂੰ ਸਿੱਖਿਅਤ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਈ ਹੋਈ ਹੈ ਤਾਂ ਕਿ ਟਰਾਂਸਪੋਰਟੇਸ਼ਨ ਮੁਹੱਈਆ ਕਰਵਾਉਣ ਵਾਲਿਆਂ ਦੀ ਚੋਣ ਕਰਦੇ ਸਮੇਂ ਤੇ ਇਹ ਯਕੀਨੀ ਬਣਾਉਣ ਲਈ ਕਿ ਇਹ ਲੋਕ ਉਨ੍ਹਾਂ ਦੇ ਫਰੇਟ ਕਰੀਅਰਜ਼ ਟੈਕਸਾਂ ਦੇ ਸਬੰਧ ਵਿੱਚ ਉਨ੍ਹਾਂ ਨਾਲ ਧੋਖਾਧੜੀ ਨਹੀਂ ਕਰ ਰਹੇ, ਸੇਫਟੀ ਨਾਲ ਕੋਈ ਸਮਝੌਤਾ ਨਹੀਂ ਕਰ ਰਹੇ ਤੇ ਐਨਵਾਇਰਮੈਂਟ ਨੂੰ ਗੰਧਲਾ ਨਹੀਂ ਕਰ ਰਹੇ,ਸਹੀ ਚੋਣ ਕਰ ਸਕਣ|

ਐਰਬ ਨੇ ਆਖਿਆ ਕਿ ਹੁਣ ਉਹ ਸਮਾਂ ਖਤਮ ਹੋ ਗਿਆ ਹੈ ਕਿ ਕਰੀਅਰ ਖਤਰਿਆਂ ਨਾਲ ਖੇਡ ਕੇ, ਗੈਰ ਇਖਲਾਕੀ ਤੇ ਗੈਰ ਕਾਨੂੰਨੀ ਢੰਗ ਨਾਲ ਲਾਹੇ ਲੈ ਕੇ ਕਾਨੂੰਨ ਦੀ ਪਾਲਣਾ ਕਰਨ ਵਾਲਿਆਂ ਨੂੰ ਪਿੱਛੇ ਛੱਡ ਕੇ ਆਪਣੇ ਕਾਰੋਬਾਰ ਦਾ ਨਿਰਮਾਣ ਕਰ ਸਕਦਾ ਹੈ| ਐਰਬ ਨੇ ਅੰਤ ਵਿੱਚ ਆਖਿਆ ਕਿ ਇਸ ਸਮੇਂ ਓਟੀਏ ਸੇਫਟੀ, ਲੇਬਰ ਤੇ ਐਨਵਾਇਰਮੈਂਟਲ ਸਬੰਧੀ ਪਹਿਲਕਦਮੀਆਂ, ਜਿਵੇਂ ਕਿ ਓਨਟਾਰੀਓ ਵਿੱਚ ਇਲੈਕਟ੍ਰੌਨਿਕ ਲੌਗਿੰਗ ਡਿਵਾਈਸਿਜ਼ ਲਾਗੂ ਕਰਨਾ ਤੇ ਡਰਾਈਵਰਾਂ ਦੀ ਘਾਟ ਦਾ ਮਸਲਾ ਹੱਲ ਕਰਨਾ ਆਦਿ ਉੱਤੇ ਕੰਮ ਕਰ ਰਹੀ ਹੈ ਤੇ ਅਜਿਹੇ ਵਿੱਚ ਉਹ ਵੀ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੁੰਦੇ ਹਨ| ਉਨ੍ਹਾਂ ਆਖਿਆ ਕਿ ਕੋਵਿਡ-19 ਤੋਂ ਬਾਅਦ ਵਾਲੀ ਜ਼ਿੰਦਗੀ ਵਿੱਚ ਉਨ੍ਹਾਂ ਦੀ ਤਰਜੀਹ ਓਟੀਏ ਦੀ ਸਥਿਰਤਾ ਨੂੰ ਬਰਕਰਾਰ ਰੱਖਣਾ ਹੋਵੇਗੀ ਤੇ ਉਹ ਐਸੋਸਿਏਸ਼ਨ ਨਾਲ ਜੁੜਨ ਵਾਲੇ ਅਗਲੀ ਪੀੜ੍ਹੀ ਦੇ ਆਗੂਆਂ ਦੀ ਰਾਇ ਵੀ ਜਾਨਣਾ ਚਾਹੁਣਗੇ|

Stay tuned with us