Category : Panjabi News | panjabi news Posted on 2020-12-20 09:27:35
ਟੋਰਾਂਟੋ : ਟੋਰਾਟੋ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਕੋਵਿਡ-19 ਆਊਟਬ੍ਰੇਕਸ ਕਾਰਨ ਜਨਵਰੀ ਦੇ ਸ਼ੁਰੂ ਵਿੱਚ ਸੱਤ ਸਕੂਲ ਬੰਦ ਰਹਿਣਗੇ| ਇਨ੍ਹਾਂ ਵਿੱਚ ਈਸਟ ਯੌਰਕ ਦੇ ਦੋ ਸਕੂਲ ਵੀ ਸ਼ਾਮਲ ਹਨ ਜਿਨ੍ਹਾਂ ਨੇ ਸੋਮਵਾਰ ਤੋਂ ਇਨ-ਕਲਾਸ ਲਰਲਿੰਗ ਸ਼ੁਰੂ ਕਰਨੀ ਸੀ|
ਐਤਵਾਰ ਦੁਪਹਿਰ ਨੂੰ ਕੀਤੇ ਗਏ ਟਵੀਟ ਅਨੁਸਾਰ ਟੀ ਡੀ ਐਸ ਬੀ ਨੇ ਦੱਸਿਆ ਕਿ ਟੋਰਾਂਟੋ ਪਬਲਿਕ ਹੈਲਥ ਦੀ ਸਲਾਹ ਉੱਤੇ ਸਿਟੀ ਐਡਲਟ ਲਰਨਿੰਗ ਸੈਂਟਰ, ਹਿਊਮਵੁੱਡ ਕਮਿਊਨਿਟੀ ਸਕੂਲ, ਆਰ ਐਚ ਮੈਕਗ੍ਰੈਗਰ ਐਲੀਮੈਂਟਰੀ ਸਕੂਲ, ਡੇਵਿਡ ਲੁਈਸ ਪਬਲਿਕ ਸਕੂਲ ਤੇ ਗ੍ਰੇਨੋਬਲ ਪਬਲਿਕ ਸਕੂਲ 4 ਜਨਵਰੀ ਤੱਕ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਬੰਦ ਰਹਿਣਗੇ| ਟੀ ਡੀ ਐਸ ਬੀ ਦੀ ਕੋਵਿਡ-19 ਐਡਵਾਈਜ਼ਰੀਜ਼ ਵੈੱਬਸਾਈਟ ਅਨੁਸਾਰ ਇਨ੍ਹਾਂ ਪੰਜ ਸਕੂਲਾਂ ਵਿੱਚ ਕੋਵਿਡ-19 ਦੇ 24 ਮਾਮਲੇ ਪਾਏ ਗਏ ਹਨ, ਜਿਨ੍ਹਾਂ ਵਿੱਚ 21 ਵਿਦਿਆਰਥੀ ਹਨ|
ਇਸ ਤੋਂ ਇਲਾਵਾ ਦੋ ਹੋਰ ਈਸਟ ਯੌਰਕ ਸਕੂਲ, ਥੌਰਨਕਲਿੱਫ ਪਾਰਕ ਪਬਲਿਕ ਸਕੂਲ ਤੇ ਫਰੇਜ਼ਰ ਮਸਟਰਡ ਅਰਲੀ ਲਰਨਿੰਗ ਅਕੈਡਮੀ, ਜੋ ਕਿ ਸੋਮਵਾਰ ਨੂੰ ਖੁੱਲ੍ਹਣ ਜਾ ਰਹੇ ਸਨ, ਕ੍ਰਿਸਮਸ ਦੀਆਂ ਛੁੱਟੀਆਂ ਤੋਂ ਬਾਅਦ ਵੀ ਬੰਦ ਰਹਿਣਗੇ| ਇਹ ਛੁੱਟੀਆਂ 21 ਦਸੰਬਰ ਨੂੰ ਸ਼ੁਰੂ ਹੋਣ ਜਾ ਰਹੀਆਂ ਹਨ| ਬੋਰਡ ਦਾ ਕਹਿਣਾ ਹੈ ਕਿ ਇਸ ਨਾਲ ਸਕੂਲਾਂ ਵਿੱਚ ਕੋਵਿਡ ਦੇ ਮਾਮਲਿਆਂ ਦੀ ਜਾਂਚ ਲਈ ਪਬਲਿਕ ਸਿਹਤ ਅਧਿਕਾਰੀਆਂ ਨੂੰ ਹੋਰ ਸਮਾਂ ਮਿਲ ਜਾਵੇਗਾ|
ਇਸ ਦੌਰਾਨ ਮਾਰਕ ਗਾਰਨਿਊ ਕਾਲਜੀਏਟ ਇੰਸਟੀਚਿਊਟ ਵੀ ਕ੍ਰਿਸਮਸ ਬ੍ਰੇਕ ਤੋਂ ਬਾਅਦ ਬੰਦ ਰਹੇਗਾ| ਇੱਥੋਂ ਦੇ 14 ਵਿਦਿਆਰਥੀ ਕੋਵਿਡ-19 ਪਾਜ਼ੀਟਿਵ ਪਾਏ ਗਏ ਸਨ| ਨੌਰਥ ਯੌਰਕ ਦੇ ਇਸ ਸਕੂਲ ਵਿੱਚ ਕਰਵਾਈ ਗਈ ਏਸਿੰਪਟੋਮੈਟਿਕ ਟੈਸਟਿੰਗ ਤੋਂ ਬਾਅਦ ਇਹ ਅੰਕੜਾ 18 ਤੱਕ ਵੱਧ ਗਿਆ| ਸੁæੱਕਰਵਾਰ ਨੂੰ ਟੀ ਡੀ ਐਸ ਬੀ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲਾਂ ਵਿੱਚ 444 ਵਿਦਿਆਰਥੀ ਕਰੋਨਾਵਾਇਰਸ ਪਾਜ਼ੀਟਿਵ ਪਾਏ ਜਾ ਚੁੱਕੇ ਹਨ ਤੇ 88 ਸਟਾਫ ਮੈਂਬਰ ਕੋਵਿਡ-19 ਪਾਜ਼ੀਟਿਵ ਪਾਏ ਗਏ ਹਨ|