ਜਸਟਿਨ ਟਰੂਡੋ ਵੱਲੋਂ ਮੁਸਲਿਮ ਪਰਿਵਾਰ ’ਤੇ ਟਰੱਕ ਚਡ਼੍ਹਾਉਣ ਦੀ ਘਟਨਾ ‘ਅੱਤਵਾਦੀ ਹਮਲਾ’ ਕਰਾਰ

Category : Ontorio | ontorio Posted on 2021-06-09 03:36:17


ਜਸਟਿਨ ਟਰੂਡੋ ਵੱਲੋਂ ਮੁਸਲਿਮ ਪਰਿਵਾਰ ’ਤੇ ਟਰੱਕ ਚਡ਼੍ਹਾਉਣ ਦੀ ਘਟਨਾ ‘ਅੱਤਵਾਦੀ ਹਮਲਾ’ ਕਰਾਰ

ਓਂਟਾਰੀਓ ਦੇ ਲੰਡਨ ’ਚ ਪਾਕਿਸਤਾਨੀ ਮੂਲ ਦੇ ਮੁਸਲਿਮ ਪਰਿਵਾਰ ਦੇ 5 ਜੀਆਂ ’ਤੇ ਪਿਕਅਪ ਟਰੱਕ ਚਡ਼੍ਹਾ ਕੇ ਕੁਚਲ ਦੇਣ ਦੀ ਘਟਨਾ ਨੂੰ ਬਹੁਤ ਲੋਕ ‘ਅੱਤਵਾਦੀ ਹਮਲੇ’ ਵਜੋਂ ਹੀ ਵੇਖਣ ਸੋਚਣ ਲੱਗੇ ਸਨ। ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਨੂੰ ‘ਅੱਤਵਾਦੀ ਹਮਲਾ’ ਕਰਾਰ ਦਿੱਤਾ ਹੈ। ਇਸ ਕਤਲ ’ਤੇ ਦੁੱਖ ਜ਼ਾਹਰ ਕਰਦਿਆਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਨੂੰ ਇਸਲਾਮੋਫੋਬੀਆ ਦੱਸਿਆ ਹੈ ਅਤੇ ਕਿਹਾ ਹੈ ਕਿ ਇਸ ਦਾ ਮੁਕਾਬਲਾ ਕਰਨ ਲਈ ਦੁਨੀਆ ਨੂੰ ਮਿਲ ਕੇ ਕੰਮ ਕਰਨ ਦੀ ਲੋਡ਼ ਹੈ। ਇਮਰਾਨ ਖਾਨ ਨੇ ਇਸ ਘਟਨਾ ’ਤੇ ਦੁੱਖ ਜ਼ਾਹਰ ਕਰਦਿਆਂ ਟਵੀਟ ਕੀਤਾ। ਉਨ੍ਹਾਂ ਲਿਖਿਆ, ‘ਲੰਡਨ, ਓਂਟਾਰੀਓ ’ਚ ਇਕ ਮੁਸਲਿਮ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਪਰਿਵਾਰ ਦੇ ਕਤਲ ਦੇ ਬਾਰੇ ’ਚ ਜਾਣ ਕੇ ਦੁੱਖ ਹੋਇਆ। ਅੱਤਵਾਦ ਦੇ ਇਸ ਨਿੰਦਣਯੋਗ ਕੰਮ ਨਾਲ ਪੱਛਮੀ ਦੇਸ਼ਾਂ ’ਚ ਵੱਧਦੇ ਇਸਲਾਮੋਫੋਬੀਆ ਦਾ ਪਤਾ ਚੱਲਦਾ ਹੈ।’

ਪ੍ਰਧਾਨ ਮੰਤਰੀ ਟਰੂਡੋ ਨੇ ਹਾਊਸ ਆਫ ਕਾਮਨਜ਼ ’ਚ ਬਿਆਨ ਦਿੰਦੇ ਹੋਏ ਕਿਹਾ, ‘ਇਹ ਕੋਈ ਕਤਲ ਨਹੀਂ ਸੀ। ਇਹ ਸਾਡੇ ਭਾਈਚਾਰਿਆਂ ਵਿੱਚੋਂ ਇਕ ਦੇ ਦਿਲ ’ਚ ਨਫਰਤ ਭਰਪੂਰ ਅੱਤਵਾਦੀ ਹਮਲਾ ਸੀ।’ ਟਰੂਡੋ ਨੇ ਸੱਜੇ ਪੱਖੀ ਸਮੂਹਾਂ ਨਾਲ ਹੋਰ ਸਖਤੀ ਨਾਲ ਨਜਿੱਠਣ ਦਾ ਵਾਅਦਾ ਕਰਦਿਆਂ ਕਿਹਾ ਕਿ ਅਸੀਂ ਆਨਲਾਈਨ ਅਤੇ ਆਫਲਾਈਨ ਨਫਰਤ ਨਾਲ ਲਡ਼ਨਾ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਕੈਨੇਡਾ ਦੀ ਅੱਤਵਾਦੀ ਸੂਚੀ ’ਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘ਸਾਨੂੰ ਸਾਰਿਆਂ ਨੂੰ ਆਸ ਹੈ ਕਿ ਜ਼ਖਮੀ ਛੋਟਾ ਬੱਚਾ ਜਲਦੀ ਠੀਕ ਹੋ ਜਾਵੇਗਾ। ਅਸੀਂ ਜਾਣਦੇ ਹਾਂ ਕਿ ਇਹ ਬੱਚਾ ਇਸ ਕਾਇਰਤਾ ਭਰਪੂਰ ਇਸਲਾਮੋਫੋਬਿਕ ਹਮਲੇ ਕਾਰਨ ਦੁੱਖ ਅਤੇ ਗੁੱਸੇ ਨਾਲ ਜਿਉਂਦਾ ਰਹੇਗਾ।’ 

ਕੈਨੇਡਾ ਦੇ ਜਨ ਸੁਰੱਖਿਆ ਮੰਤਰੀ ਬਿਲ ਬਲੇਅਰ ਨੇ ਇਸ ਹਮਲੇ ਨੂੰ ‘ਇਸਲਾਮੋਫੋਬੀਆ ਦੀ ਭਿਆਨਕ ਕਾਰਵਾਈ’ ਕਰਾਰ ਦਿੱਤਾ ਹੈ। ਕੈਨੇਡਾ ਦੇ ਮੁਸਲਿਮ ਐਸੋਸੀਏਸ਼ਨ ਨੇ ਅਧਿਕਾਰੀਆਂ ਤੋਂ ਨਫਰਤ ਅਤੇ ਅੱਤਵਾਦ ਸਬੰਧੀ ਕਾਨੂੰਨ ਦੇ ਤਹਿਤ ਇਸ ਭਿਆਨਕ ਹਮਲੇ ’ਚ ਮੁਕੱਦਮਾ ਚਲਾਉਣ ਦੀ ਅਪੀਲ ਕੀਤੀ ਹੈ।

Stay tuned with us