ਨਵਜੋਤ ਸਿੱਧੂ ਦੀ ਵਾਪਸੀ ਅਤੇ ਸੁਨੀਲ ਜਾਖਡ਼ ਦੀ ਛੁੱਟੀ ਦੀ ਸੰਭਾਵਨਾ

Category : Panjabi News | panjabi news Posted on 2021-06-09 05:28:59


ਨਵਜੋਤ ਸਿੱਧੂ ਦੀ ਵਾਪਸੀ ਅਤੇ ਸੁਨੀਲ ਜਾਖਡ਼ ਦੀ ਛੁੱਟੀ ਦੀ ਸੰਭਾਵਨਾ

ਪੰਜਾਬ ਕਾਂਗਰਸ ’ਚ ਪੈਦਾ ਸੰਕਟ ਦੇ ਹੱਲ ਲਈ ਬਣਾਈ ਗਈ ਤਿੰਨ ਮੈਂਬਰੀ ਖਡ਼ਗੇ ਕਮੇਟੀ ਦੀ ਰਿਪੋਰਟ ਤਿਆਰ ਪਈ ਹੈ। ਹੁਣ ਹਾਈ ਕਮਾਂਡ ਨੇ ਇਸ ਰਿਪੋਰਟ ਨੂੰ ਘੋਖਣ ਤੋਂ ਬਾਅਦ ਪੰਜਾਬ ਕਾਂਗਰਸ ਦਾ ਭਵਿੱਖ ਤੈਅ ਕਰਨਾ ਹੈ। ਪੰਜਾਬ ਦੇ ਕਈ ਮੰਤਰੀਆਂ, ਵਿਧਾਇਕਾਂ, ਸੰਸਦ ਮੈਂਬਰਾਂ ਤੇ ਸਾਬਕਾ ਪ੍ਰਧਾਨਾਂ ਨੂੰ ਸੁਣਨ ਤੋਂ ਬਾਅਦ ਤਿਆਰ ਇਸ ਰਿਪੋਰਟ ’ਚ ਕੀਤੀਆਂ ਸਿਫਾਰਸ਼ਾਂ ਨੂੰ ਕਿੰਨਾ ਕੁ ਲਾਗੂ ਕੀਤਾ ਜਾਂਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ। ਪਰ ਇਕ ਗੱਲ ਦੀ ਸੂਹ ਮਿਲੀ ਹੈ ਕਿ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸਨਮਾਨਯੋਗ ਵਾਪਸੀ ਹੋਣ ਜਾ ਰਹੀ ਹੈ। ਕਾਂਗਰਸ ਨਾਲ ਜੁਡ਼ੇ ਸੂਤਰ ਦੱਸਦੇ ਹਨ ਕਿ ਨਵਜੋਤ ਸਿੱਧੂ ਨੂੰ ਡਿਪਟੀ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਕ ਦੀ ਥਾਂ ਦੋ ਡਿਪਟੀ ਮੁੱਖ ਮੰਤਰੀ ਬਣਾਏ ਜਾ ਸਕਦੇ ਹਨ। ਅਜਿਹਾ ਧਾਰਮਿਕ ਸੰਤੁਲਨ ਕਾਇਮ ਰੱਖਣ ਲਈ ਕੀਤਾ ਜਾਣਾ ਹੈ। ਕੈਪਟਨ ਹਾਈ ਕਮਾਂਡ ਨੂੰ ਇਹ ਜਚਾਉਣ ’ਚ ਸਫਲ ਰਹੇ ਹਨ ਕਿ ਅਹਿਮ ਅਹੁਦਿਆਂ ’ਤੇ ਸਿੱਖ ਚਿਹਰੇ ਹੋਣ ਨਾਲ ਹਿੰਦੂ ਵੋਟਰਾਂ ’ਚ ਕਾਂਗਰਸ ਪਾਰਟੀ ਦਾ ਅਕਸ ਖਰਾਬ ਹੋ ਸਕਦਾ ਹੈ। ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਜਦੋਂ ਜਦੋਂ ਗੱਲ ਤੁਰੀ ਤਾਂ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਖੇਮੇ ਨੇ ਇਸ ਦਾ ਵੀ ਵਿਰੋਧ ਕੀਤਾ। ਉਦੋਂ ਹੀ ਹਿੰਦੂ ਚਿਹਰੇ ਵਾਲਾ ਫਾਰਮੂਲ ਪੇਸ਼ ਕੀਤਾ ਗਿਆ। ਤਾਜ਼ਾ ਜਾਣਕਾਰੀ ਅਨੁਸਾਰ ਸਿੱਧੂ ਦੀ ਸਨਮਾਨਯੋਗ ਵਾਪਸੀ ਤੈਅ ਹੈ ਤੇ ਸਿਰਫ ਇਹੋ ਦੇਖਣਾ ਬਾਕੀ ਹੈ ਕਿ ਉਹ ਕਿਸੇ ਅਹੁਦੇ ’ਤੇ ਵਾਪਸੀ ਕਰਕੇ ਆਪਣੀ ਨਾਰਾਜ਼ਗੀ ਦੂਰ ਕਰਦੇ ਹਨ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੀ ਥਾਂ ਵੀ ਨਵਾਂ ਇੰਚਾਰਜ ਥਾਪਿਆ ਜਾ ਰਿਹਾ ਹੈ। ਰਾਵਤ ਆਪਣਾ ਪੂਰਾ ਧਿਆਨ ਅਗਲੇ ਸਾਲ ਹੋਣ ਜਾ ਰਹੀਆਂ ਉਤਰਾਖੰਡ ਦੀਆਂ ਵਿਧਾਨ ਸਭਾ ਚੋਣਾਂ ’ਤੇ ਦੇਣਾ ਚਾਹੁੰਦੇ ਹਨ ਜਿਸ ਸੂਬੇ ਦੇ ਉਹ ਮੁੱਖ ਮੰਤਰੀ ਰਹਿ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਖੇਮਾ ਹਾਲੇ ਵੀ ਸੁਨੀਲ ਜਾਖਡ਼ ਦੀ ਪ੍ਰਧਾਨਗੀ ਬਚਾਉਣ ਲਈ ਜੱਦੋ-ਜਹਿਦ ਕਰ ਰਿਹਾ ਹੈ। ਅਗਲੇ ਇਕ ਹਫ਼ਤੇ ਦੇ ਅੰਦਰ ਪੰਜਾਬ ਕਾਂਗਰਸ ’ਚ ਚੱਲ ਰਿਹਾ ਕਾਟੋ ਕਲੇਸ਼ ਹੱਲ ਹੋ ਜਾਣ ਦੀ ਉਮੀਦ ਹੈ। ਉਸ ਤੋਂ ਤੁਰੰਤ ਬਾਅਦ ਨਵੇਂ ਇੰਚਾਰਜ ਦੀ ਨਿਯੁਕਤੀ ਕਰ ਦਿੱਤੇ ਜਾਣ ਦੇ ਆਸਾਰ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਉਣ ਵਾਲੇ ਸਮੇਂ ’ਚ ਮਜ਼ਬੂਤ ਦਾਅਵੇਦਾਰਾਂ ਨੂੰ ਲੈ ਕੇ ਸਰਵੇ ਵੀ ਕਰਵਾਉਣਗੇ। ਕਾਂਗਰਸ ਲੀਡਰਸ਼ਿਪ ਵੀ ਆਪਣੇ ਪੱਧਰ ’ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਵੇ ਜ਼ਰੂਰ ਕਰਵਾਉਂਦੀ ਹੈ। ਅਖੀਰ ਦੋਵਾਂ ਸਰਵੇ ਰਿਪੋਰਟਾਂ ਨੂੰ ਆਧਾਰ ਬਣਾ ਕੇ ਟਿਕਟਾਂ ਦੀ ਵੰਡ ਕੀਤੀ ਜਾਂਦੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਵੀ ਅਜਿਹੇ ਸਰਵੇ ਕਰਵਾਏ ਗਏ ਸਨ। ਉਸ ਦਾ ਪਾਰਟੀ ਨੂੰ ਲਾਭ ਵੀ ਹੋਇਆ ਸੀ, ਕਿਉਂਕਿ ਇਨ੍ਹਾਂ ਰਿਪੋਰਟਾਂ ਦੇ ਆਧਾਰ ’ਤੇ ਜਿੱਥੇ ਸਾਰੇ ਵਰਗਾਂ ’ਚ ਸੰਤੁਲਨ ਬਣਾਇਆ ਗਿਆ ਸੀ, ਉਥੇ ਹੀ ਦੂਜੇ ਪਾਸੇ ਕਾਂਗਰਸ ਨੇ ਸੱਤਾ ਦੀ ਦਾਅਵੇਦਾਰ ਆਮ ਆਦਮੀ ਪਾਰਟੀ ਨੂੰ ਪਿੱਛੇ ਧੱਕਦੇ ਹੋਏ ਸੱਤਾ ਵੀ ਹਾਸਲ ਕਰ ਲਈ ਸੀ। ਇਸ ਵਾਰ ਵੀ ਕੁਝ ਨਿਰਪੱਖ ਏਜੰਸੀਆਂ ਦਾ ਸਹਾਰਾ ਸਰਵੇ ਲਈ ਲਿਆ ਜਾਵੇਗਾ। ਉਧਰ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਦੇ ਅੱਠ ਮੈਂਬਰਾਂ ਨੇ ਚੰਡੀਗਡ਼੍ਹ ’ਚ ਆਪਣਾ ਕੰਮਕਾਜ ਸ਼ੁਰੂ ਕਰ ਦਿੱਤਾ ਹੈ।

Stay tuned with us