ਕੋਟਕਪੂਰਾ ਗੋਲੀਕਾਂਡ: ਜਾਂਚ ਸਾਬਕਾ ਮੁੱਖ ਮੰਤਰੀ ਦੇ ਨੇਡ਼ਲਿਆਂ ਤੱਕ ਪਹੁੰਚੀ

Category : Panjabi News | panjabi news Posted on 2021-06-09 05:34:03


ਕੋਟਕਪੂਰਾ ਗੋਲੀਕਾਂਡ: ਜਾਂਚ ਸਾਬਕਾ ਮੁੱਖ ਮੰਤਰੀ ਦੇ ਨੇਡ਼ਲਿਆਂ ਤੱਕ ਪਹੁੰਚੀ

ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਜਾ ਰਹੀ ਕੋਟਕਪੂਰਾ ਗੋਲੀ ਕਾਂਡ ਦੀ ਪਡ਼ਤਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਫਤਰ ਤੱਕ ਪਹੁੰਚ ਗਈ ਹੈ। ਜਾਂਚ ਟੀਮ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਤਤਕਾਲੀ ਪ੍ਰਿੰਸੀਪਲ ਸਕੱਤਰ ਗਗਨਦੀਪ ਸਿੰਘ ਬਰਾਡ਼, ਨਿੱਜੀ ਸਹਾਇਕ ਗੁਰਚਰਨ ਸਿੰਘ, ਸਾਬਕਾ ਪਾਰਲੀਮਾਨੀ ਸਕੱਤਰ ਮਨਤਾਰ ਸਿੰਘ ਬਰਾਡ਼, ਫਰੀਦਕੋਟ ਡਵੀਜ਼ਨ ਦੇ ਸਾਬਕਾ ਕਮਿਸ਼ਨਰ ਵੀ.ਕੇ. ਮੀਨਾ ਸਮੇਤ ਦੋ ਹੋਰ ਉੱਚ ਪੁਲੀਸ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਹੈ। ਵੇਰਵਿਆਂ ਅਨੁਸਾਰ ਕੋਟਕਪੂਰਾ ਗੋਲੀ ਕਾਂਡ ਤੋਂ ਕੁਝ ਘੰਟੇ ਪਹਿਲਾਂ ਮਨਤਾਰ ਸਿੰਘ ਬਰਾਡ਼, ਗਗਨਦੀਪ ਸਿੰਘ ਬਰਾਡ਼, ਗੁਰਚਰਨ ਸਿੰਘ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਰਮਿਆਨ 157 ਵਾਰ ਗੱਲਬਾਤ ਹੋਈ। ਫਰੀਦਕੋਟ ਦੇ ਸਾਬਕਾ ਪੁਲੀਸ ਮੁਖੀ ਸੁਖਮਿੰਦਰ ਸਿੰਘ ਮਾਨ ਅਤੇ ਘਟਨਾ ਸਥਾਨ ’ਤੇ ਮੌਜੂਦ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਸੀ। ਸੂਚਨਾ ਅਨੁਸਾਰ ਮਨਤਾਰ ਸਿੰਘ ਬਰਾਡ਼ ਨੇ ਜਾਂਚ ਟੀਮ ਨੂੰ ਦੱਸਿਆ ਕਿ 13 ਅਤੇ 14 ਅਕਤੂਬਰ ਦੀ ਰਾਤ ਉਹ ਆਪਣੇ ਘਰ ’ਚ ਮੌਜੂਦ ਸੀ ਅਤੇ ਸਵੇਰੇ ਕਰੀਬ ਇਕ ਤੋਂ ਦੋ ਵਜੇ ਦਰਮਿਆਨ ਉਸ ਨੂੰ ਫਰੀਦਕੋਟ ਡਵੀਜ਼ਨ ਦੇ ਕਮਿਸ਼ਨਰ, ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਮਿਲਣ ਆਏ ਸਨ ਅਤੇ ਉਨ੍ਹਾਂ ਕਿਹਾ ਸੀ ਕਿ ਉਹ ਮੁੱਖ ਮੰਤਰੀ ਦਫਤਰ ਨਾਲ ਗੱਲ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਦਾ ਕੋਈ ਫੋਨ ਨਹੀਂ ਚੁੱਕ ਰਿਹਾ। ਇਸ ’ਤੇ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਤਤਕਾਲੀ ਪ੍ਰਿੰਸੀਪਲ ਸਕੱਤਰ ਗਗਨਦੀਪ ਸਿੰਘ ਬਰਾਡ਼ ਅਤੇ ਨਿੱਜੀ ਸਹਾਇਕ ਗੁਰਚਰਨ ਸਿੰਘ ਰਾਹੀਂ ਉਨ੍ਹਾਂ ਨਾਲ ਗੱਲਬਾਤ ਕੀਤੀ। ਇਸ ਗੱਲਬਾਤ ਤੋਂ ਕਰੀਬ ਇੱਕ ਘੰਟਾ ਬਾਅਦ ਕੋਟਕਪੂਰਾ ਗੋਲੀ ਕਾਂਡ ਵਾਪਰ ਗਿਆ ਸੀ। ਇਸ ਮਾਮਲੇ ’ਚ ਜਾਂਚ ਟੀਮ ਹੁਣ ਤੱਕ 12 ਉੱਚ ਅਧਿਕਾਰੀਆਂ ਸਮੇਤ 60 ਵਿਅਕਤੀਆਂ ਦੇ ਬਿਆਨ ਦਰਜ ਕਰ ਚੁੱਕੀ ਹੈ। ਸੂਤਰਾਂ ਅਨੁਸਾਰ ਜਾਂਚ ਟੀਮ ਨੇ ਹਾਜ਼ਰ ਹੋਏ ਅਧਿਕਾਰੀਆਂ ਤੋਂ ਪੁੱਛਿਆ ਕਿ ਸਾਬਕਾ ਮੁੱਖ ਮੰਤਰੀ ਨੇ ਉਨ੍ਹਾਂ ਨਾਲ ਕੀ ਗੱਲ ਕੀਤੀ ਸੀ ਤੇ ਜੇ ਮੁੱਖ ਮੰਤਰੀ ਨੇ ਕੋਟਕਪੂਰੇ ’ਚ ਲੱਗੇ ਧਰਨੇ ਨੂੰ ਸ਼ਾਂਤਮਈ ਤਰੀਕੇ ਨਾਲ ਚੁੱਕਣ ਦੇ ਆਦੇਸ਼ ਦਿੱਤੇ ਸਨ ਤਾਂ ਫਿਰ ਗੋਲੀ ਕਿਉਂ ਚਲਾਈ ਗਈ। ਅਗਲੇ ਦਿਨਾਂ ’ਚ ਵਿਸ਼ੇਸ਼ ਜਾਂਚ ਟੀਮ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਸਮੇਤ ਹੋਰ ਅਧਿਕਾਰੀਆਂ ਤੇ ਆਗੂਆਂ ਤੋਂ ਮੁਡ਼ ਪੁੱਛਗਿੱਛ ਕਰ ਸਕਦੀ ਹੈ।

Stay tuned with us