ਕਿਸਾਨ ਠੋਸ ਤਰਕ ਲੈ ਕੇ ਆਉਣ ਤਾਂ ਸਰਕਾਰ ਗੱਲਬਾਤ ਲਈ ਤਿਆਰ : ਤੋਮਰ

Category : Panjabi News | panjabi news Posted on 2021-06-09 09:43:50


ਕਿਸਾਨ ਠੋਸ ਤਰਕ ਲੈ ਕੇ ਆਉਣ ਤਾਂ ਸਰਕਾਰ ਗੱਲਬਾਤ ਲਈ ਤਿਆਰ : ਤੋਮਰ

ਇੰਡੀਆ ਦੇ ਕੇਂਦਰੀ ਖੇਤੀਬਾਡ਼ੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਤਿੰਨ ਖੇਤੀ ਕਾਨੂੰਨਾਂ ਦੇ ਮਾਮਲੇ ’ਤੇ ਸਰਕਾਰ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਲਈ ਸਬੰਧਤ ਧਿਰਾਂ ਕਾਨੂੰਨਾਂ ਬਾਰੇ ਆਪਣੇ ਤੌਖਲਿਆਂ ਬਾਰੇ ਠੋਸ ਤਰਕ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਖੇਤੀ ਸੁਧਾਰ ਕਾਨੂੰਨਾਂ ਦੇ ਸੰਬੰਧ ’ਚ ਆਪਣੀ ਨਾਰਾਜ਼ਗੀ ਤਰਕ ਨਾਲ ਰੱਖਣ, ਸਰਕਾਰ ਉਸ ਦਾ ਹੱਲ ਕਰੇਗੀ। ਨਵੀਂ ਦਿੱਲੀ ’ਚ ਪ੍ਰੈੱਸ ਕਾਨਫਰੰਸ ’ਚ ਇਕ ਸਵਾਲ ਦੇ ਜਵਾਬ ’ਚ ਖੇਤੀ ਮੰਤਰੀ ਨੇ ਕਿਹਾ ਕਿ ਅੰਦੋਲਨਕਾਰੀ ਕਿਸਾਨ ਜਥੇਬੰਦੀ ਸਰਕਾਰ ਨਾਲ ਜਦੋਂ ਗੱਲਬਾਤ ਕਰਨੀ ਚਾਹੁਣ ਉਦੋਂ ਗੱਲਬਾਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨਾਲ ਗਿਆਰਾਂ ਦੌਰ ਦੀ ਗੱਲਬਾਤ ਹੋਈ। ਪਰ ਕਿਸਾਨ ਆਗੂ ਸਹੀ ਤਰੀਕੇ ਨਾਲ ਸਰਕਾਰ ਕੋਲ ਪੱਖ ਨਹੀਂ ਰੱਖ ਸਕੇ ਜਿਸ ਕਰਕੇ ਸੰਸਦ ’ਚ ਵੀ ਇਹ ਮੁੱਦਾ ਨਹੀਂ ਵਿਚਾਰ ਹੋਇਆ। ਕਿਸਾਨ ਹੁਣ ਵੀ ਤਰਕ ਨਾਲ ਆਪਣਾ ਪੱਖ ਰੱਖਣ ਤਾਂ ਸਰਕਾਰ ਕਾਨੂੰਨਾਂ ਦੀਆਂ ਖਾਮੀਆਂ ਦਾ ਹੱਲ ਕਰੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਰਕਾਰ ਨੇ ਠੋਸ ਪ੍ਰਸਤਾਵ ਦਿੱਤਾ ਗਿਆ ਅਤੇ ਖੇਤੀ ਸੁਧਾਰ ਕਾਨੂੰਨਾਂ ਡੇਢ ਸਾਲ ਲਈ ਮੁਲਤਵੀ ਕਰਨ ਲਈ ਵੀ ਕਿਹਾ ਸੀ। ਮੋਦੀ ਸਰਕਾਰ ਕਿਸਾਨਾਂ ਦੇ ਕਲਿਆਣ ਦੇ ਪ੍ਰਤੀ ਵਚਨਬੱਧ ਹੈ ਅਤੇ ਉਨ੍ਹਾਂ ਦਾ ਆਦਰ ਅਤੇ ਸਨਮਾਨ ਕਰਦੀ ਹੈ। ਉਨ੍ਹਾਂ ਦੁਹਰਾਇਆ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ ’ਚ ਹਨ। ਯਾਦ ਰਹੇ ਕਿ ਇਕ ਦਿਨ ਪਹਿਲਾਂ ਨਰੇਂਦਰ ਤੋਮਰ ਨੇ ਕਿਹਾ ਸੀ ਕਿ ਸਰਕਾਰ ਕਿਸਾਨ ਜਥੇਬੰਦੀਆਂ ਅਤੇ ਆਗੂਆਂ ਨਾਲ ਖੇਤੀ ਕਾਨੂੰਨਾਂ ਤੋਂ ਇਲਾਵਾ ਹੋਰ ਮੁੱਦਿਆਂ ’ਤੇ ਵੀ ਗੱਲ ਕਰਨ ਲਈ ਤਿਆਰ ਹੈ। 

Stay tuned with us