ਓਂਟਾਰੀਓ ’ਚ ਸ਼ੁਕਰਵਾਰ ਤੋਂ ਪਾਬੰਦੀਆਂ ’ਚ ਢਿੱਲ ਦੇਣ ਦੀ ਤਿਆਰੀ

Category : Ontorio | ontorio Posted on 2021-06-09 09:45:55


ਓਂਟਾਰੀਓ ’ਚ ਸ਼ੁਕਰਵਾਰ ਤੋਂ ਪਾਬੰਦੀਆਂ ’ਚ ਢਿੱਲ ਦੇਣ ਦੀ ਤਿਆਰੀ

ਕੋਵਿਡ-19 ਮਹਾਮਾਰੀ ਕਾਰਨ ਕੈਨੇਡਾ ਦੇ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਓਂਟਾਰੀਓ ’ਚ ਲਗਾਤਾਰ ਕਰੋਨਾ ਵਾਇਰਸ ਦੇ ਮਾਮਲੇ ਘੱਟ ਹੋ ਰਹੇ ਹਨ। ਇਸ ਦੇ ਮੱਦੇਨਜ਼ਰ ਓਂਟਾਰੀਓ ਪਾਬੰਦੀਆਂ ’ਚ ਢਿੱਲ ਦੇਣ ਜਾ ਰਿਹਾ ਹੈ। ਇਸ ਤਹਿਤ 11 ਜੂਨ ਤੋਂ ਬੰਦਸ਼ਾਂ ’ਚ ਢਿੱਲ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਪਹਿਲੇ ਗੇਡ਼ ਤਹਿਤ ਸੂਬੇ ਨੂੰ ਖੋਲ੍ਹਣ ਲਈ 14 ਜੂਨ ਤਾਰੀਕ ਨਿਰਧਾਰਤ ਕੀਤੀ ਗਈ ਸੀ ਪਰ ਹੁਣ ਤਿੰਨ ਦਿਨ ਪਹਿਲਾਂ 11 ਜੂਨ ਤੋਂ ਹੀ ਕਰੋਨਾ ਪਾਬੰਦੀਆਂ ’ਚ ਕੁਝ ਢਿੱਲ ਦਿੱਤੀ ਜਾ ਰਹੀ ਹੈ। ਓਂਟਾਰੀਓ ’ਚ ਕਰੋਨਾ ਦੇ ਘੱਟ ਹੋ ਰਹੇ ਮਾਮਲੇ ਤੇ ਟੀਕਾਕਰਨ ’ਚ ਵੱਡੀ ਆਬਾਦੀ ਨੂੰ ਕਵਰ ਕੀਤੇ ਜਾਣ ਮਗਰੋਂ ਪਾਬੰਦੀਆਂ ’ਚ ਇਹ ਰਾਹਤ ਦਿੱਤੀ ਜਾ ਰਹੀ ਹੈ। ਸ਼ੁੱਕਰਵਾਰ ਤੋਂ ਬਾਜ਼ਾਰ ਖੁੱਲ੍ਹ ਸਕਣਗੇ। ਹਾਲਾਂਕਿ, ਗੈਰਜ਼ਰੂਰੀ ਰਿਟੇਲ ਸਟੋਰਾਂ ਜਾਂ ਦੁਕਾਨਾਂ ਨੂੰ 15 ਫ਼ੀਸਦੀ ਤੱਕ ਦੀ ਸਮਰੱਥਾ ਨਾਲ ਹੀ ਖੁੱਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ। ਉਥੇ ਹੀ ਜ਼ਰੂਰੀ ਚੀਜ਼ਾਂ ਦੇ ਸਟੋਰ 25 ਫ਼ੀਸਦੀ ਸਮਰੱਥਾ ਤੱਕ ਨਾਲ ਕੰਮ ਕਰ ਸਕਦੇ ਹਨ। ਇਸ ਤੋਂ ਇਲਾਵਾ ਹੁਣ ਬਾਹਰੀ ਇਕੱਠ ’ਚ ਵੱਧ ਤੋਂ ਵੱਧ 10 ਲੋਕ ਇਕੱਠੇ ਹੋ ਸਕਦੇ ਹਨ। ਵਿਆਹ ਤੇ ਮਰਗ ਜਿਹੇ ਸਮਾਗਮਾਂ ’ਚ ਦੋ ਮੀਟਰ ਦੀ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। ਇਨਡੋਰ ਹੋਣ ਵਾਲੇ ਵਿਆਹ ਅਤੇ ਹੋਰ ਸਮਾਗਮਾਂ ’ਚ ਕਮਰੇ ਦੀ ਸਮਰੱਥਾ ਮੁਤਾਬਕ 15 ਫ਼ੀਸਦੀ ਲੋਕ ਇਕੱਠੇ ਹੋ ਸਕਣਗੇ। ਰੈਸਟੋਰੈਂਟਾਂ ’ਚ ਇਕ ਮੇਜ ’ਤੇ ਖਾਣਾ ਖਾਣ ਲਈ ਚਾਰ ਲੋਕ ਬੈਠ ਸਕਦੇ ਹਨ। ਓਂਟਾਰੀਓ ਸਰਕਾਰ ਮੁਤਾਬਕ ਸੱਤ ਜੂਨ ਤੱਕ ਸੂਬੇ ਦੇ 72 ਫ਼ੀਸਦੀ ਤੋਂ ਵੱਧ ਬਾਲਗਾਂ ਨੂੰ ਪਹਿਲੀ ਖੁਰਾਕ ਲੱਗ ਚੁੱਕੀ ਹੈ। ਜਿਵੇਂ ਜਿਵੇਂ ਸੂਬੇ ’ਚ ਲੋਕਾਂ ਨੂੰ ਪਹਿਲੀ ਖੁਰਾਕ ਅਤੇ ਦੂਜੀ ਖੁਰਾਕ ਲੱਗਣ ਦੀ ਗਿਣਤੀ ’ਚ ਵਾਧਾ ਹੋਵੇਗਾ ਉਸੇ ਮੁਤਾਬਕ ਪਾਬੰਦੀਆਂ ’ਚ ਢਿੱਲ ਵਧਦੀ ਜਾਵੇਗੀ ਅਤੇ ਹੌਲੀ ਹੌਲੀ ਸਾਰਾ ਕੁਝ ਖੋਲ੍ਹ ਦਿੱਤਾ ਜਾਵੇਗਾ। 

Stay tuned with us