ਦੋ ਥਾਣੇਦਾਰਾਂ ਨੂੰ ਮਾਰਨ ਵਾਲਾ ਗੈਂਗਸਟਰ ਜੈਪਾਲ ਭੁੱਲਰ ਸਾਥੀ ਸਣੇ ਮੁਕਾਬਲੇ ’ਚ ਹਲਾਕ

Category : Panjabi News | panjabi news Posted on 2021-06-09 09:47:12


ਦੋ ਥਾਣੇਦਾਰਾਂ ਨੂੰ ਮਾਰਨ ਵਾਲਾ ਗੈਂਗਸਟਰ ਜੈਪਾਲ ਭੁੱਲਰ ਸਾਥੀ ਸਣੇ ਮੁਕਾਬਲੇ ’ਚ ਹਲਾਕ

ਜਗਰਾਉਂ ਦੀ ਨਵੀਂ ਅਨਾਜ ਮੰਡੀ ’ਚ 15 ਮਈ ਨੂੰ ਦੋ ਸਹਾਇਕ ਥਾਣੇਦਾਰਾਂ ਨੂੰ ਗੋਲੀਆਂ ਮਾਰ ਕੇ ਹਲਾਕ ਕਰਨ ਵਾਲਾ ਨਾਮੀਂ ਗੈਂਗਸਟਰ ਜੈਪਾਲ ਭੁੱਲਰ ਸਾਥੀ ਜੱਸੀ ਖਰਡ਼ ਸਮੇਤ ਪੁਲੀਸ ਮੁਕਾਬਲੇ ’ਚ ਮਾਰਿਆ ਗਿਆ ਹੈ। ਇਹ ਮੁਕਾਬਲਾ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ’ਚ ਹੋਇਆ ਜਿਸ ’ਚ ਪੰਜਾਬ ਦੀ ਪੁਲੀਸ ਦੀ ਸਪੈਸ਼ਲ ਟੀਮ ਦਾ ਸਾਥ ਪੱਛਮੀ ਬੰਗਾਲ ਦੀ ਐੱਸ.ਟੀ.ਐੱਫ. ਨੇ ਦਿੱਤਾ। ਜਗਰਾਉਂ ਸੀ.ਆਈ.ਏ. ਸਟਾਫ ’ਚ ਤਾਇਨਾਤ ਏ.ਐੱਸ.ਆਈ. ਭਗਵਾਨ ਸਿੰਘ ਅਤੇ ਦਲਵਿੰਦਰਜੀਤ ਸਿੰਘ ਬੱਬੀ ਨੂੰ ਗੋਲੀਆਂ ਮਾਰਨ ਤੋਂ ਬਾਅਦ ਜੈਪਾਲ ਭੁੱਲਰ ਆਪਣੇ ਤਿੰਨ ਹੋਰ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋਣ ’ਚ ਸਫਲ ਹੋ ਗਿਆ ਸੀ। ਉਸ ਦੇ ਦੋ ਸਾਥੀਆਂ ਨੂੰ ਜਗਰਾਉਂ ਪੁਲੀਸ ਨੇ ਪਿਛਲੇ ਦਿਨੀਂ ਮੱਧ ਪ੍ਰਦੇਸ਼ ਤੋਂ ਕਾਬੂ ਕੀਤਾ ਸੀ। ਘਟਨਾ ਵਾਲੇ ਦਿਨ ਤੋਂ ਹੀ ਪੰਜਾਬ ਪੁਲੀਸ ਗੈਂਗਸਟਰ ਜੈਪਾਲ ਭੁੱਲਰ ਦੀ ਭਾਲ ’ਚ ਸੀ। ਅਖੀਰ ਪੁਲੀਸ ਇਨ੍ਹਾਂ ਦੀ ਪੈਡ਼ ਨੱਪਦੀ ਕੋਲਕਾਤਾ ਪਹੁੰਚ ਗਈ ਜਿਥੇ ‘ਏ’ ਸ਼੍ਰੇਣੀ ਦੇ ਖ਼ਤਰਨਾਕ ਗੈਂਗਸਟਰ ਜੈਪਾਲ ਭੁੱਲਰ ਅਤੇ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦਾ ਮੁਕਾਬਲਾ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਪੁਲੀਸ ਵੱਲੋਂ ਕਲਕੱਤਾ ’ਚ ਦੋਵਾਂ ਗੈਂਗਸਟਰਾਂ ਦਾ ਮੁਕਾਬਲਾ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਪੰਜਾਬ ਪੁਲੀਸ ਦੇ ਮੁਖੀ ਦਿਨਕਰ ਗੁਪਤਾ ਨੇ ਕੀਤੀ ਹੈ। ਜਾਣਕਾਰੀ ਮੁਤਾਬਕ ਦੋਹਾਂ ਸੂਬਿਆਂ ਦੀ ਪੁਲੀਸ ਵਲੋਂ ਮਿਲ ਕੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਜੈਪਾਲ ਭੁੱਲਰ ਪਹਿਲਾਂ ਕਲਕੱਤਾ ਦੇ ਇਕ ਹੋਟਲ ’ਚ ਠਹਿਰਾਇਆ ਸੀ ਜਿਸ ਤੋਂ ਬਾਅਦ ਉਹ ਉਥੇ ਕਿਸੇ ਦੀ ਘਰ ’ਚ ਲੁਕ ਗਿਆ। ਪੁਲੀਸ ਵੱਲੋਂ ਲਗਾਤਾਰ ਤਿੰਨ ਦਿਨ ਤੱਕ ਭੁੱਲਰ ਦੀ ਰੇਕੀ ਕੀਤੀ ਗਈ ਅਤੇ ਬੁੱਧਵਾਰ ਨੂੰ ਪੁਲੀਸ ਨੇ ਪੂਰੀ ਤਰ੍ਹਾਂ ਘੇਰਾਬੰਦੀ ਕਰਕੇ ਪਹਿਲਾਂ ਭੁੱਲਰ ਨੂੰ ਆਤਮ ਸਮਰਪਣ ਕਰਨ ਲਈ ਆਖਿਆ ਜਿਸ ’ਤੇ ਦੋਵਾਂ ਪਾਸਿਆਂ ਤੋਂ ਹੋਈ ਫਾਇਰਿੰਗ ’ਚ ਗੈਂਗਸਟਰ ਜੈਪਾਲ ਭੁੱਲਰ ਅਤੇ ਗੈਂਗਸਟਰ ਜਸਪ੍ਰੀਤ ਜੱਸੀ ਦੀ ਮੌਤ ਹੋ ਗਈ। ਪੰਜਾਬ ਪੁਲੀਸ ਦੀ ਟੀਮ ਓਕੂ (ਓ.ਸੀ.ਸੀ. ਯੂਨਿਟ) ਨੇ ਕੋਲਕਾਤਾ ਦੀ ਐੱਸ.ਟੀ.ਐੱਫ. ਨਾਲ ਮਿਲ ਕੇ ਇਹ ਸਫਲਤਾ ਹਾਸਲ ਕੀਤੀ। ਦੋਵੇਂ ਗੈਂਗਸਟਰ ਲੰਬੇ ਸਮੇਂ ਤੋਂ ਪੰਜਾਬ ਪੁਲੀਸ ਨੂੰ ਲੋਡ਼ੀਂਦੇ ਸਨ ਅਤੇ ਜੈਪਾਲ ਭੁੱਲਰ ’ਤੇ ਤਾਂ ਪੁਲੀਸ ਵੱਲੋਂ ਪੰਜ ਲੱਖ ਦਾ ਇਨਾਮ ਵੀ ਐਲਾਨਿਆ ਹੋਇਆ ਸੀ। ਜੈਪਾਲ ਜਦੋਂ ਜਗਰਾਉਂ ’ਚ ਭੇਸ ਬਦਲ ਕੇ ਰਹਿ ਰਿਹਾ ਸੀ ਪਰ ਦੋਹਾਂ ਸਹਾਇਕ ਥਾਣੇਦਾਰਾਂ ਨੇ ਇਸ ਦੇ ਬਾਵਜੂਦ ਉਸ ਨੂੰ ਪਛਾਣ ਲਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ। ਹੁਣ ਵੀ ਮੁਕਾਬਲੇ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ ਜੈਪਾਲ ਨੇ ਆਪਣਾ ਹੁਲੀਆ ਬਦਲਿਆ ਹੋਇਆ ਸੀ। ਗੈਂਗਸਟਰ ਜੈਪਾਲ ਭੁੱਲਰ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ ਅਤੇ ਜ਼ੁਰਮ ਦੀ ਦੁਨੀਆਂ ’ਚ ਕਾਫੀ ਵੱਡਾ ਨਾ ਮੰਨਿਆ ਜਾਂਦਾ ਸੀ। ਗੈਂਗਸਟਰ ਜੈਪਾਲ ਭੁੱਲਰ ਖ਼ਿਲਾਫ਼ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ ਅਤੇ ਯੂ.ਪੀ.’ਚ ਵੀ ਅਨੇਕਾਂ ਮਾਮਲੇ ਦਰਜ ਸਨ। ਗੈਂਗਸਟਰ ਸੁੱਖਾ ਕਾਹਲਵਾਂ ਅਤੇ ਰੌਕੀ ਫਾਜ਼ਿਲਕਾ ਕਤਲ ਕਾਂਡ ’ਚ ਵੀ ਭੁੱਲਰ ਦਾ ਨਾਮ ਮੁੱਖ ਤੌਰ ’ਤੇ ਸਾਹਮਣੇ ਆਇਆ ਸੀ। ਜੈਪਾਲ ਭੁੱਲਰ ਦੇ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਨਾਲ ਵੀ ਗੂਡ਼੍ਹੇ ਸਬੰਧ ਸਨ।

Stay tuned with us