ਨੂੰਹ ਨੂੰ ਕਰੋਨਾ ਪੀਡ਼ਤ ਸਹੁਰਾ ਪਿੱਠ ’ਤੇ ਚੁੱਕ ਕੇ ਪਹੁੰਚਾਉਣਾ ਪਿਆ ਹਸਪਤਾਲ

Category : Covid-19 updates | covid-19 Posted on 2021-06-10 02:49:39


ਨੂੰਹ ਨੂੰ ਕਰੋਨਾ ਪੀਡ਼ਤ ਸਹੁਰਾ ਪਿੱਠ ’ਤੇ ਚੁੱਕ ਕੇ ਪਹੁੰਚਾਉਣਾ ਪਿਆ ਹਸਪਤਾਲ

ਜਲੰਧਰ ’ਚ ਇਕ ਬਾਪ ਵੱਲੋਂ ਕਰੋਨਾ ਨਾਲ ਦਮ ਤੋਡ਼ ਗਈ ਨਾਬਾਲਗ ਧੀ ਨੂੰ ਮੋਢਿਆਂ ’ਤੇ ਚੁੱਕ ਕੇ ਅਤੇ ਹਿਮਾਚਲ ਪ੍ਰਦੇਸ਼ ਦੇ ਕਾਂਗਡ਼ਾ ’ਚ ਇਕ ਪੁੱਤ ਵੱਲੋਂ ਕਰੋਨਾ ਨਾਲ ਮਰੀ ਮਾਂ ਦੀ ਦੇਹ ਮੋਢਿਆਂ ’ਤੇ ਚੁੱਕ ਕੇ ਇਕੱਲੇ ਹੀ ਅੰਤਿਮ ਸਸਕਾਰ ਲਈ ਲਿਜਾਣ ਦਾ ਮਾਮਲਾ ਹਾਲੇ ਕਿਸੇ ਨੂੰ ਭੁੱਲਿਆ ਨਹੀਂ ਹੋਣਾ। ਹੁਣ ਅਸਾਮ ’ਚੋਂ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ’ਚ ਇਕ ਨੂੰਹ ਆਪਣੇ ਕਰੋਨਾ ਪੀਡ਼ਤ ਸਹੁਰੇ ਨੂੰ ਮੋਢਿਆਂ ’ਤੇ ਚੁੱਕ ਕੇ ਹਸਪਤਾਲ ਪਹੁੰਚਾਉਂਦੀ ਹੈ। ਇਸ ਦੇ ਬਾਵਜੂਦ ਉਸ ਦੇ ਸਹੁਰੇ ਦੀ ਜਾਨ ਨਹੀਂ ਬਚ ਸਕੀ। ਲੋਕ ਇਸ ਔਰਤ ਦੀ ਵੀਡੀਓ ਬਣਾਉਣ ਅਤੇ ਫੋਟੋਆਂ ਖਿੱਚਣ ਲਈ ਤਾਂ ਬਹੁਤ ਅੱਗੇ ਆਏ ਪਰ ਕਿਸੇ ਨੇ ਉਸ ਦੀ ਇਹ ਮੱਦਦ ਨਹੀਂ ਕੀਤੀ ਕਿ ਬੀਮਾਰ ਸਹੁਰੇ ਨੂੰ ਆਸਾਨੀ ਨਾਲ ਹਸਪਤਾਲ ਪਹੁੰਚਾਇਆ ਜਾ ਸਕੇ। ਅਸਮ ਦੇ ਨਗਾਓਂ ਦੀ ਰਹਿਣ ਵਾਲੀ 24 ਸਾਲਾ ਨਿਹਾਰਿਕਾ ਦਾਸ ਮੁੰਡੇ ਦਾ ਫਰਜ਼ ਨਿਭਾਅ ਕੇ ਇਕ ਆਦਰਸ਼ ਨੂੰਹ ਤਾਂ ਬਣੀ ਪਰ ਪੂਰੀ ਕੋਸ਼ਿਸ਼ ਦੇ ਬਾਵਜੂਦ ਸਹੁਰੇ ਦੀ ਜਾਨ ਨਹੀਂ ਬਚਾਅ ਸਕੀ। ਨਿਹਾਰਿਕਾ ਕਰੀਬ ਦੋ ਕਿਲੋਮੀਟਰ ਤੱਕ ਪੈਦਲ ਚੱਲ ਕੇ ਹਸਪਤਾਲ ਪਹੁੰਚੀ। 

ਨਿਹਾਰਿਕਾ ਦਾ ਸਹੁਰਾ ਥੁਲੇਸ਼ਵਰ ਦਾਸ ਰਾਹਾ ਖੇਤਰ ਦੇ ਭਾਟੀਗਾਓਂ ’ਚ ਸੁਪਾਰੀ ਵਿਕਰੇਤਾ ਸੀ। ਦੋ ਜੂਨ ਨੂੰ ਥੁਲੇਸ਼ਵਰ ਦਾਸ ’ਚ ਕੋਰੋਨਾ ਦੇ ਲੱਛਣ ਦਿਸੇ ਸਨ। ਨਿਹਾਰਿਕਾ ਨੇ ਕਿਹਾ ਕਿ ਉਨ੍ਹਾਂ ਦੇ ਘਰ ਤੱਕ ਆਟੋ ਰਿਕਸ਼ਾ ਨਹੀਂ ਆ ਸਕਦਾ। ਸਹੁਰੇ ਦੀ ਹਾਲਤ ਵੀ ਚੱਲਣ ਯੋਗ ਨਹੀਂ ਸੀ। ਉਸ ਦਾ ਪਤੀ ਕੰਮ ਲਈ ਸਿਲੀਗੁਡ਼ੀ ’ਚ ਰਹਿੰਦਾ ਹੈ। ਅਜਿਹੇ ’ਚ ਸਹੁਰੇ ਨੂੰ ਆਪਣੀ ਪਿੱਠ ’ਤੇ ਚੁੱਕ ਕੇ ਲਿਜਾਣ ਤੋਂ ਇਲਾਵਾ ਉਸ ਕੋਲ ਕੋਈ ਬਦਲ ਨਹੀਂ ਸੀ। ਉਹ ਸਹੁਰੇ ਨੂੰ ਆਟੋ ਸਟੈਂਡ ਤੱਕ ਚੁੱਕ ਕੇ ਲੈ ਗਈ। ਨਿਹਾਰਿਕਾ ਮੁਤਾਬਕ, ਪਰੇਸ਼ਾਨੀਆਂ ਇੱਥੇ ਹੀ ਖਤਮ ਨਹੀਂ ਹੋਈਆਂ। ਸਿਹਤ ਕੇਂਦਰ ’ਚ ਸਹੁਰੇ ਦਾ ਟੈਸਟ ਪਾਜ਼ੇਟਿਵ ਆਇਆ। ਡਾਕਟਰ ਨੇ ਸਹੁਰੇ ਦੀ ਹਾਲਤ ਗੰਭੀਰ ਦੱਸਦੇ ਹੋਏ ਉਨ੍ਹਾਂ ਨੂੰ 21 ਕਿਲੋਮੀਟਰ ਦੂਰ ਨਗਾਓਂ ਦੇ ਕੋਵਿਡ ਹਸਪਤਾਲ ਲਿਜਾਉਣ ਲਈ ਕਿਹਾ। ਸਿਹਤ ਕੇਂਦਰ ਤੋਂ ਉਨ੍ਹਾਂ ਨੂੰ ਐਂਬੁਲੈਂਸ ਜਾਂ ਸਟ੍ਰੇਚਰ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਉਸਨੇ ਇਕ ਪ੍ਰਾਈਵੇਟ ਕਾਰ ਦਾ ਪ੍ਰਬੰਧ ਕੀਤਾ। ਇਸ ਲਈ ਵੀ ਸਹੁਰੇ ਨੂੰ ਪਿੱਠ ’ਤੇ ਚੁੱਕ ਕੇ ਕਾਫ਼ੀ ਦੂਰ ਤਕ ਚੱਲਣਾ ਪਿਆ। ਲੋਕ ਘੂਰ ਕੇ ਵੇਖਦੇ ਰਹੇ ਪਰ ਕਿਸੇ ਨੇ ਮੱਦਦ ਨਹੀਂ ਕੀਤੀ। ਨਿਹਾਰਿਕਾ ਨੇ ਕਿਹਾ ਕਿ ਨਗਾਓਂ ਪਹੁੰਚ ਕੇ ਵੀ ਕੋਵਿਡ ਹਸਪਤਾਲ ’ਚ ਸਹੁਰੇ ਨੂੰ ਪਿੱਠ ’ਤੇ ਚੁੱਕ ਕੇ ਪੌਡ਼ੀਆਂ ਚਡ਼੍ਹਨੀਆਂ ਪਈਆਂ। ਉਥੇ ਮੱਦਦ ਲਈ ਕਿਹਾ ਪਰ ਕੋਈ ਵੀ ਅੱਗੇ ਨਹੀਂ ਆਇਆ। ਅਸਾਮ ਦੀ ਇਸ ਘਟਨਾ ਨੇ ਇੰਡੀਆ ’ਚ ਸਿਹਤ ਸਹੂਲਤਾਂ ਦੀ ਮੁਡ਼ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

Stay tuned with us