ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ’ਚ ਮਮਤਾ ਬੈਨਰਜੀ ਦਾ ਵੱਡਾ ਐਲਾਨ

Category : Panjabi News | panjabi news Posted on 2021-06-10 02:58:09


ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ’ਚ ਮਮਤਾ ਬੈਨਰਜੀ ਦਾ ਵੱਡਾ ਐਲਾਨ

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੁਝ ਹੋਰ ਸਾਥੀ ਕਿਸਾਨ ਆਗੂਆਂ ਨੂੰ ਨਾਲ ਲੈ ਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਨੇ ਉਥੇ ਭਾਜਪਾ ਖ਼ਿਲਾਫ਼ ਜ਼ੋਰਦਾਰ ਪ੍ਰਚਾਰ ਕਰਦਿਆਂ ਵੋਟਰਾਂ ਨੂੰ ਅਪੀਲ ਕੀਤੀ ਸੀ ਕਿ ਕਿਸਾਨ ਤੇ ਲੋਕ ਵਿਰੋਧੀ ਭਾਜਪਾ ਦੇ ਉਲਟ ਫਤਵਾ ਦੇਣ। ਭਾਰਤੀ ਜਨਤਾ ਪਾਰਟੀ ਖ਼ਿਲਾਫ਼ ਆਪਣੀ ਲਡ਼ਾਈ ਨੂੰ ਉੱਤਰ ਪ੍ਰਦੇਸ਼ ਵੱਲ ਵਧਾਉਣ ਦੀ ਕੋਸ਼ਿਸ਼ ਵਜੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸਮਰਥਨ ’ਚ ਵਿਰੋਧੀ ਪਾਰਟੀਆਂ ਦੀ ਸੱਤਾ ਵਾਲੇ ਰਾਜਾਂ ਨੂੰ ਇਕਜੁੱਟ ਕਰਨ ਦਾ ਵਾਅਦਾ ਕੀਤਾ ਹੈ। ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਨਰਿੰਦਰ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਕਿਸਾਨ ਅੰਦੋਲਨ ਸਿਰਫ ਪੰਜਾਬ, ਹਰਿਆਣਾ ਜਾਂ ਉੱਤਰ ਪ੍ਰਦੇਸ਼ ਲਈ ਨਹੀਂ ਹੈ ਬਲਕਿ ਸਮੁੱਚੇ ਦੇਸ਼ ਲਈ ਹੈ। ਰਾਕੇਸ਼ ਟਿਕੈਤ ਤੇ ਯੁਧਵੀਰ ਸਿੰਘ ਦੀ ਅਗਵਾਈ ਹੇਠ ਪਹੁੰਚੇ ਕਿਸਾਨ ਆਗੂਆਂ ਨਾਲ ਇਕ ਮੀਟਿੰਗ ਦੌਰਾਨ ਤ੍ਰਿਣਮੂਲ ਕਾਂਗਰਸ ਦੀ ਮੁਖੀ ਨੇ ਕਿਹਾ ਕਿ ਅਜਿਹਾ ਇਕ ਪਲੇਟਫਾਰਮ ਹੋਣਾ ਚਾਹੀਦਾ ਹੈ ਜਿੱਥੇ ਕਿ ਸਾਰੇ ਸੂਬੇ ਨੀਤੀਗਤ ਮੁੱਦਿਆਂ ਬਾਰੇ ਚਰਚਾ ਕਰ ਸਕਣ। ਉਨ੍ਹਾਂ ਕਿਹਾ, ‘ਰਾਜਾਂ ਨੂੰ ਨਿਸ਼ਾਨਾ ਬਣਾਉਣਾ ਸੰਘੀ ਢਾਂਚੇ ਲਈ ਠੀਕ ਨਹੀਂ ਹੈ।’ ਕਿਸਾਨ ਆਗੂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਅਤੇ ਖੇਤੀ ਜਿਣਸਾਂ ਲਈ ਘੱਟੋ-ਘੱਟ ਸਮਰਥਨ ਮੁੱਲ ਸਬੰਧੀ ਇਕ ਕੌਮੀ ਕਾਨੂੰਨ ਲੈ ਕੇ ਆਉਣ ਦੀ ਮੰਗ ਨੂੰ ਲੈ ਕੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ’ਚ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਸਮਰਥਨ ਮੰਗਣ ਲਈ ਇੱਥੇ ਆਏ ਸਨ। ਤ੍ਰਿਣਮੂਲ ਕਾਂਗਰਸ ਵੱਲੋਂ ਪੱਛਮੀ ਬੰਗਾਲ ਤੋਂ ਬਾਹਰ ਵੀ ਪੈਰ ਪਸਾਰਨ ਦੇ ਕੀਤੇ ਗਏ ਐਲਾਨ ਤੋਂ ਕੁਝ ਦਿਨਾਂ ਬਾਅਦ ਮਮਤਾ ਬੈਨਰਜੀ ਵੱਲੋਂ ਉੱਤਰ ਭਾਰਤ ਦੀਆਂ ਕਿਸਾਨ ਯੂਨੀਅਨਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਲਾਨ ਕੀਤਾ ਕਿ ਕਿਸਾਨ ਅੰਦੋਲਨ ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ। ਇਸ ਦੌਰਾਨ ਕੇਂਦਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ, ‘ਭਾਰਤ ਅਜਿਹੀਆਂ ਨੀਤੀਆਂ ਦੀ ਉਡੀਕ ਕਰ ਰਿਹਾ ਹੈ ਜੋ ਕੋਵਿਡ-19 ਖ਼ਿਲਾਫ਼ ਲਡ਼ਾਈ ’ਚ ਮਦਦਗਾਰ ਸਾਬਿਤ ਹੋਣ ਅਤੇ ਕਿਸਾਨਾਂ ਤੇ ਸਨਅਤ ਲਈ ਵੀ ਸਹਾਈ ਹੋਣ।’ ਮੁੱਖ ਮੰਤਰੀ ਨੇ ਪੁੱਛਿਆ, ‘ਕਿਸਾਨਾਂ ਨਾਲ ਗੱਲ ਕਰਨਾ ਐਨਾ ਮੁਸ਼ਕਿਲ ਕਿਉਂ ਹੈ?’ ਤ੍ਰਿਣਮੂਲ ਕਾਂਗਰਸ ਦੀ ਮੁਖੀ ਨੇ ਇਹ ਵੀ ਕਿਹਾ ਕਿ ਸਾਰੇ ਸੂਬਿਆਂ ਲਈ ਇਹ ਜ਼ਰੂਰੀ ਹੈ ਕਿ ਉਹ ਨੀਤੀਗਤ ਮੁੱਦਿਆਂ ਬਾਰੇ ਚਰਚਾ ਕਰਨ ਲਈ ਇਕੱਠੇ ਹੋਣ ਅਤੇ ਅਨਿਆਂ ਖ਼ਿਲਾਫ਼ ਮਿਲ ਕੇ ਖਡ਼੍ਹੇ ਹੋਣ। 

Stay tuned with us