ਜਸਟਿਨ ਟਰੂਡੋ ਵੱਲੋਂ ਓਂਟਾਰੀਓ ’ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ

Category : Ontorio | ontorio Posted on 2021-06-10 03:08:02


ਜਸਟਿਨ ਟਰੂਡੋ ਵੱਲੋਂ ਓਂਟਾਰੀਓ ’ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ

ਕੈਨੇਡਾ ਨੂੰ ਹਿਲਾ ਕੇ ਰੱਖ ਦੇ ਵਾਲੀ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਓਂਟਾਰੀਓ ’ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਇਕ ਪਿਕਅੱਪ ਟਰੱਕ ਹਮਲੇ ’ਚ ਇਕ ਪਾਕਿਸਤਾਨੀ ਮੂਲ ਦੇ ਪਰਵਾਸੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਹੋਈ ਮੌਤ ਹੋ ਗਈ ਸੀ ਜਦਕਿ ਇਸ ਘਟਨਾ ’ਚ ਪਰਿਵਾਰ ਦਾ ਪੰਜਵਾਂ ਜੀਅ ਗੰਭੀਰ ਜ਼ਖਮੀ ਹੋ ਗਿਆ ਸੀ। ਕੈਨੇਡਾ ਇਕ ਅਜਿਹਾ ਮੁਲਕ ਹੈ ਜਿੱਥੇ ਪਰਵਾਸੀਆਂ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕੀਤਾ ਜਾਂਦਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਘਟਨਾ ਦੀ ਆਲੋਚਨਾ ਕਰਦਿਆਂ ਇਸ ਨੂੰ ਇਕ ਨਫ਼ਰਤੀ ਅਪਰਾਧ ਕਰਾਰ ਦਿੱਤਾ ਸੀ, ਜਿਸ ’ਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਹਾਦਸੇ ’ਚ ਸਿਰਫ਼ ਇਕ ਨੌਂ ਸਾਲਾ ਬੱਚਾ ਬਚਿਆ ਜੋ ਕਿ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਹਸਪਤਾਲ ਦੇ ਡਾਕਟਰਾਂ ਅਨੁਸਾਰ ਇਸ ਬੱਚੇ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਹੈ।

ਪ੍ਰਧਾਨ ਮੰਤਰੀ ਟਰੂਡੋ ਨੇ ਸੰਸਦ ’ਚ ਕਿਹਾ, ‘ਇਹ ਇਕ ਅੱਤਵਾਦੀ ਹਮਲਾ ਸੀ, ਜਿਸ ਨੂੰ ਨਸਲੀ ਨਫ਼ਰਤ ਕਰ ਕੇ ਅੰਜਾਮ ਦਿੱਤਾ ਗਿਆ। ਜੇਕਰ ਕਿਸੇ ਨੂੰ ਅਜਿਹਾ ਲੱਗਦਾ ਹੈ ਕਿ ਇਸ ਦੇਸ਼ ’ਚ ਨਸਲਵਾਦ ਤੇ ਨਸਲੀ ਨਫ਼ਰਤ ਨਹੀਂ ਹੈ ਤਾਂ ਮੈਂ ਕਹਿਣਾ ਚਾਹਾਂਗਾ ਕਿ ਹਸਪਤਾਲ ’ਚ ਭਰਤੀ ਬੱਚੇ ਨੂੰ ਅਸੀਂ ਇਸ ਹਿੰਸਾ ਬਾਰੇ ਕੀ ਸਮਝਾਵਾਂਗੇ? ਅਸੀਂ ਪਰਿਵਾਰਾਂ ਨਾਨ ਅੱਖਾਂ ਮਿਲਾ ਕੇ ਇਹ ਕਿਵੇਂ ਕਹਿ ਸਕਾਂਗੇ ਕਿ ‘ਇਸਲਾਮ ਤੋਂ ਖ਼ੌਫ਼’ ਅਸਲੀਅਤ ’ਚ ਨਹੀਂ ਹੈ। ਹਿੰਸਾ ਦੀ ਕਾਇਰਾਨਾ ਤੇ ਕਰੂਰ ਘਟਨਾ ’ਚ ਉਕਤ ਪਰਿਵਾਰ ਦੀ ਜਾਨ ਲੈ ਲਈ ਗਈ। ਇਹ ਘਟਨਾ ਕੋਈ ਹਾਦਸਾ ਨਹੀਂ ਸੀ। ਐਤਵਾਰ ਨੂੰ ਜੋ ਹੋਇਆ ਉਸ ਨਾਲ ਕੈਨੇਡਾ ਦੇ ਲੋਕਾਂ ’ਚ ਨਾਰਾਜ਼ਗੀ ਹੈ ਅਤੇ ਕੈਨੇਡਾ ਦੇ ਮੁਸਲਿਮ ਲੋਕ ਡਰੇ ਹੋਏ ਹਨ।’ 

ਇਸ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਨੇ ਓਂਟਾਰੀਓ ’ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਮਿਲ ਕੇ ਮੰਦਭਾਗੀ ਘਟਨਾ ’ਤੇ ਅਫ਼ਸੋਸ ਜ਼ਾਹਿਰ ਕੀਤਾ। ਯਾਦ ਰਹੇ ਓਂਟਾਰੀਓ ਦੇ ਲੰਡਨ ’ਚ ਪੈਦਲ ਜਾ ਰਹੇ ਇਕ ਮੁਸਲਿਮ ਪਰਿਵਾਰ ’ਤੇ 20 ਸਾਲਾ ਗੋਰੇ ਨੌਜਵਾਨ ਨੇ ਜਾਣਬੁੱਝ ਕੇ ਪਿਕਅਪ ਟਰੱਕ ਚਡ਼੍ਹਾ ਦਿੱਤਾ। ਇਸ ’ਚ ਮੁਸਲਿਮ ਪਰਿਵਾਰ ਦੇ 4 ਜੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਮ੍ਰਿਤਕਾਂ ’ਚ 46 ਸਾਲਾ ਸਲਮਾਨ ਅਫਜ਼ਲ, ਉਸ ਦੀ 44 ਸਾਲਾ ਪਤਨੀ ਮਦੀਹਾ, ਉਨ੍ਹਾਂ ਦੀ ਧੀ ਨੌਵੀਂ ਜਮਾਤ ’ਚ ਪਡ਼੍ਹਦੀ 15 ਸਾਲਾ ਧੀ ਯੁਮਨਾ ਅਤੇ 74 ਸਾਲਾ ਮਾਂ ਸ਼ਾਮਲ ਸਨ। 

Stay tuned with us