ਇੰਟਰਨੈਸ਼ਨਲ ਕਰਾਟੇ ਖਿਡਾਰਨ ਝੋਨਾ ਲਾਉਣ ਲਈ ਮਜਬੂਰ

Category : Panjabi News | panjabi news Posted on 2021-06-10 08:26:17


ਇੰਟਰਨੈਸ਼ਨਲ ਕਰਾਟੇ ਖਿਡਾਰਨ ਝੋਨਾ ਲਾਉਣ ਲਈ ਮਜਬੂਰ

ਮਾਨਸਾ ਜ਼ਿਲ੍ਹੇ ਦੇ ਪਿੰਡ ਗੁਰਨੇ ਕਲਾਂ ਦੀ ਇੰਟਰਨੈਸ਼ਨਲ ਕਰਾਟੇ ਖਿਡਾਰਨ ਹਰਦੀਪ ਕੌਰ ਝੋਨਾ ਲਾਉਣ ਲਈ ਮਜਬੂਰ ਹੈ। ਇਸ 23 ਸਾਲਾ ਕਰਾਟੇ ਖਿਡਾਰਨ ਨੇ ਦੱਸਿਆ ਕਿ ਉਸ ਨੂੰ ਕਰਾਟੇ ’ਚ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ’ਤੇ 20 ਮੈਡਲ ਜਿੱਤੇ ਹਨ। ਉਸ ਨੇ ਮਲੇਸ਼ੀਆ, ਗੋਆ ਤੋਂ ਇਲਾਵਾ ਸਕੂਲੀ ਗੇਮਾਂ ਅਤੇ ਵੱਖ-ਵੱਖ ਖੇਡਾਂ ਅਧੀਨ ਇਹ 20 ਮੈਡਲ ਜਿੱਤ ਕੇ ਆਪਣੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਅੱਜਕਲ ਉਹ ਪਟਿਆਲਾ ਦੇ ਇਕ ਕਾਲਜ ਵਿਖੇ ਡੀਪੀਐੱਡ ਕਰ ਰਹੀ ਹੈ। ਉਸ ਨੇ ਦੱਸਿਆ ਕਿ ਜਦੋਂ ਉਹ ਗੋਲਡ ਮੈਡਲ ਜਿੱਤ ਕੇ ਪਰਤੀ ਤਾਂ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਜੀਤ ਸੋਢੀ ਨੇ ਉਸ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਉਸ ਨੂੰ ਨੌਕਰੀ ਨਹੀਂ ਮਿਲੀ। ਇਸ ਕਾਰਨ ਉਹ ਆਪਣੀ ਪਡ਼੍ਹਾਈ ਜਾਰੀ ਰੱਖਣ ਲਈ ਖੇਤਾਂ ’ਚ ਝੋਨਾ ਲਾਉਣ ਲਈ ਮਜਬੂਰ ਹੈ। ਉਹ ਖੇਡ ਮੰਤਰੀ ਦੇ ਕਹਿਣ ’ਤੇ ਚਾਰ ਵਾਰ ਚੰਡੀਗਡ਼੍ਹ ਦੇ ਚੱਕਰ ਲਗਾ ਚੁੱਕੀ ਹੈ ਪਰ ਮੰਤਰੀ ਉਸ ਨੂੰ ਇਕ ਵਾਰ ਵੀ ਨਹੀਂ ਮਿਲੇ। ਹਰਦੀ ਕੌਰ ਦੇ ਪਿਤਾ ਨੈਬ ਸਿੰਘ ਅਤੇ ਮਾਤਾ ਸੁਖਵਿੰਦਰ ਕੌਰ ਨੇ ਕਿਹਾ ਕਿ ਪਰਿਵਾਰ ਦੀ ਆਰਥਿਕ ਹਾਲਤ ਮੰਦੀ ਹੋਣ ਕਾਰਨ ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਉਨ੍ਹਾਂ ਦੀ ਧੀ ਵੀ ਖਿਡਾਰੀ ਹੋਣ ਦੇ ਬਾਵਜੂਦ ਅੱਜ ਉਨ੍ਹਾਂ ਦੇ ਨਾਲ ਝੋਨਾ ਲਾਉਣ ਲਈ ਮਜਬੂਰ ਹੈ। ਇਸ ਮੌਕੇ ਕਿਸਾਨ ਹਰਜੀਤ ਸਿੰਘ ਨੇ ਦੱਸਿਆ ਕਿ ਹਰਦੀਪ ਕੌਰ ਨੇ ਖੇਡਾਂ ’ਚ ਜਿੱਥੇ ਆਪਣੇ ਪਿੰਡ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਉਥੇ ਸਰਕਾਰ ਨੇ ਨੌਕਰੀ ਦੇਣ ਦਾ ਵਾਅਦਾ ਕਰਨ ਤੋਂ ਬਾਅਦ ਵੀ ਨੌਕਰੀ ਨਹੀਂ ਦਿੱਤੀ ਗਈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਘਰ ਘਰ ਨੌਕਰੀ ਦੇਣ ਦੇ ਵਾਅਦੇ ਅਨੁਸਾਰ ਇਸ ਬੱਚੀ ਨੂੰ ਨੌਕਰੀ ਦਿੱਤੀ ਜਾਵੇ। ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਟਵੀਟ ’ਚ ਕਿਹਾ ਕਿ ਸਰਕਾਰ ਵੱਲੋਂ ਕੀਤੇ ਗਏ ਘਰ ਘਰ ਨੌਕਰੀ ਦੇ ਵਾਅਦੇ ਖੋਖਲੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਝੂਠੇ ਵਾਅਦਿਆਂ ਦੇ ਚੱਲਦਿਆਂ ਖਿਡਾਰਨ ਹਰਦੀਪ ਕੌਰ ਨੂੰ ਆਪਣੀ ਪਡ਼੍ਹਾਈ ਜਾਰੀ ਰੱਖਣ ਅਤੇ ਪਰਿਵਾਰ ਦਾ ਸਾਥ ਦੇਣ ਲਈ ਖੇਤਾਂ ’ਚ ਮਜਦੂਰੀ ਕਰਨੀ ਪੈ ਰਹੀ ਹੈ।

Stay tuned with us