ਇੰਡੀਆ ’ਚ ਕਰੋਨਾ ਕਰਕੇ ਇਕ ਦਿਨ ’ਚ ਰਿਕਾਰਡ 6148 ਮੌਤਾਂ

Category : Panjabi News | panjabi news Posted on 2021-06-10 08:35:04


ਇੰਡੀਆ ’ਚ ਕਰੋਨਾ ਕਰਕੇ ਇਕ ਦਿਨ ’ਚ ਰਿਕਾਰਡ 6148 ਮੌਤਾਂ

ਇੰਡੀਆ ’ਚ ਕਰੋਨਾ ਕੇਸ ਲਗਾਤਾਰ ਘੱਟ ਹੋ ਰਹੇ ਹਨ ਅਤੇ ਦੋ ਮਹੀਨੇ ਬਾਅਦ ਜਾ ਕੇ ਗਿਣਤੀ ਇਕ ਲੱਖ ਤੋਂ ਹੇਠਾਂ ਆਈ ਹੈ। ਪਰ ਵੀਰਵਾਰ ਨੂੰ ਜਾਰੀ ਕੀਤੇ ਗਏ ਪਿਛਲੇ 24 ਘੰਟੇ ਦੇ ਸਰਕਾਰੀ ਅੰਕਡ਼ੇ ਹੈਰਾਨ ਤੇ ਚਿੰਤਾ ਵਧਾਉਣ ਵਾਲੇ ਹਨ ਕਿਉਂਕਿ ਇਕ ਦਿਨ ’ਚ ਕਰੋਨਾ ਵਾਇਰਸ ਨੇ 6148 ਲੋਕਾਂ ਦੀ ਜਾਨ ਲੈ ਲਈ ਹੈ। ਇਕ ਦਿਨ ’ਚ ਕੋਵਿਡ-19 ਦੇ 94,052 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ’ਚ ਪੀਡ਼ਤਾਂ ਦੀ ਗਿਣਤੀ ਵਧ ਕੇ 2,91,83,121 ਹੋ ਗਈ। ਉਥੇ ਹੀ ਪਿਛਲੇ 24 ਘੰਟਿਆਂ ਦੌਰਾਨ 6148 ਲੋਕਾਂ ਦੀ ਵਾਇਰਸ ਨਾਲ ਮੌਤ ਤੋਂ ਬਾਅਦ ਮ੍ਰਿਤਕਾਂ ਦਾ ਅੰਕਡ਼ਾ ਵੱਧ ਕੇ 3,59,676 ਹੋ ਗਿਆ ਹੈ। ਗਲੋਬਲ ਮਹਾਮਾਰੀ ਦੇ ਕਹਿਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਕ ਦਿਨ ’ਚ ਵਾਇਰਸ ਨਾਲ ਮੌਤ ਦੇ ਇਹ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਕੋਵਿਡ-19 ਨਾਲ ਮੌਤ ਦਰ 1.23 ਫ਼ੀਸਦੀ ਹੈ। ਕੇਂਦਰੀ ਸਿਹਤ ਮੰਤਰਾਲਾ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕਡ਼ਿਆਂ ਮੁਤਾਬਕ ਦੇਸ਼ ’ਚ 60 ਦਿਨ ਬਾਅਦ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਹੋ ਕੇ ਹੁਣ 11,67,952 ਹੈ, ਜੋ ਕੁੱਲ ਮਾਮਲਿਆਂ ਦਾ 4 ਫ਼ੀਸਦੀ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ ਵੀ ਵੱਧ ਕੇ 94।77 ਫ਼ੀਸਦੀ ਹੋ ਗਈ ਹੈ। ਦੇਸ਼ ’ਚ ਹੁਣ ਤੱਕ 2,76,55,493 ਲੋਕ ਵਾਇਰਸ ਤੋਂ ਮੁਕਤ ਹੋ ਚੁੱਕੇ ਹਨ। ਇਕ ਦਿਨ ’ਚ 1,51,367 ਲੋਕ ਸਿਹਤਯਾਬ ਹੋਏ ਹਨ। ਜੇਕਰ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ’ਚ ਹੁਣ ਤੱਕ 24,27,26,693 ਲੋਕਾਂ ਨੂੰ ਕੋਵਿਡ-19 ਰੋਕੂ ਟੀਕੇ ਲੱਗ ਚੁੱਕੇ ਹਨ। ਅੰਕਡ਼ਿਆਂ ਮੁਤਾਬਕ ਦੇਸ਼ ’ਚ ਹੁਣ ਤੱਕ ਕੁੱਲ 37,21,98,253 ਨਮੂਨਿਆਂ ਦੀ ਕੋਵਿਡ-19 ਸਬੰਧੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ’ਚੋਂ 20,04,690 ਨਮੂਨਿਆਂ ਦੀ ਜਾਂਚ ਬੁੱਧਵਾਰ ਨੂੰ ਕੀਤੀ ਗਈ। ਜ਼ਿਕਰਯੋਗ ਹੈ ਕਿ ਦੇਸ਼ ਹੌਲੀ-ਹੌਲੀ ਅਨਲੌਕ ਵੱਲ ਵੱਧ ਰਿਹਾ ਹੈ। ਦੇਸ਼ ਦੇ ਕਈ ਸੂਬਿਆਂ ’ਚ ਤਾਲਾਬੰਦੀ ਅਤੇ ਕਰੋਨਾ ਕਰਫਿਊ ਵਰਗੀਆਂ ਪਾਬੰਦੀਆਂ ਲਾਈਆਂ ਗਈਆਂ ਸਨ। 

Stay tuned with us