ਇੰਡੀਆ ਦੀ ਮਹਿਲਾ ਕ੍ਰਿਕਟ ਟੀਮ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੇ ਹਮਲਾਵਰ ਅਰਧ ਸੈਂਕੜੇ ਦੇ ਦਮ ‘ਤੇ ਟੀ-20 ਵਰਲਡ ਕੱਪ ਦੇ ਗਰੁੱਪ-2 ਦੇ ਮੀਂਹ ਪ੍ਰਭਾਵਿਤ ਆਪਣੇ ਆਖਰੀ ਲੀਗ ਮੁਕਾਬਲੇ ‘ਚ ਆਇਰਲੈਂਡ ਨੂੰ ਡਕਵਰਥ ਲੂਈਸ ਨਿਯਮ ਤਹਿਤ 5 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ‘ਚ ਪਹੁੰਚ ਗਈ ਹੈ। ਇਸ ਜਿੱਤ ਦੇ ਨਾਲ ਹੀ ਇੰਡੀਆ ਨੇ 4 ਮੈਚਾਂ ‘ਚ 6 ਅੰਕਾਂ ਨਾਲ ਸੈਮੀਫਾਈਨਲ ਦੀ ਟਿਕਟ ਪੱਕੀ ਕਰ ਲਈ। ਇਸ ਗਰੁੱਪ ‘ਚੋਂ ਇੰਗਲੈਂਡ ਨੇ ਪਹਿਲਾਂ ਹੀ ਸੈਮੀਫਾਈਨਲ ‘ਚ ਆਪਣੀ ਜਗ੍ਹਾ ਤੈਅ ਕਰ ਲਈ ਹੈ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੀ ਇਸ ਸਵਰੂਪ ਦੀ ਸਰਵਸ੍ਰੇਸ਼ਠ 87 ਦੌੜਾਂ ਦੀ ਤਾਬੜਤੋੜ ਪਾਰੀ ਨਾਲ ਇੰਡੀਆ ਨੇ 6 ਵਿਕਟਾਂ ‘ਤੇ 155 ਦੌੜਾਂ ਦਾ ਮੁਕਾਬਲੇਬਾਜ਼ੀ ਸਕੋਰ ਖੜ੍ਹਾ ਕਰਨ ਤੋਂ ਬਾਅਦ ਮੀਂਹ ਦੇ ਕਾਰਨ ਖੇਡ ਰੋਕੇ ਜਾਣ ਦੇ ਸਮੇਂ ਆਇਰਲੈਂਡ ਨੂੰ 8.2 ਓਵਰਾਂ ‘ਚ ਦੋ ਵਿਕਟਾਂ ‘ਤੇ 54 ਦੌੜਾਂ ‘ਤੇ ਰੋਕ ਦਿੱਤਾ। ਭਾਰਤੀ ਟੀਮ ਲਗਾਤਾਰ ਤੀਜੀ ਵਾਰ ਮਹਿਲਾ ਟੀ-20 ਵਰਲਡ ਕੱਪ ਦੇ ਸੈਮੀਫਾਈਨਲ ‘ਚ ਪਹੁੰਚੀ ਹੈ। ਟੀਮ ਪਿਛਲੀ ਵਾਰ 2020 ‘ਚ ਉਪ ਜੇਤੂ ਰਹੀ ਸੀ। ਟੀਚੇ ਦਾ ਪਿੱਛਾ ਕਰਦੇ ਸਮੇਂ ਆਇਰਲੈਂਡ ਨੇ ਪਹਿਲੇ ਓਵਰ ‘ਚ ਹੀ ਦੋ ਵਿਕਟਾਂ ਗੁਆ ਦਿੱਤੀਆਂ। ਐਮੀ ਹੰਟਰ ਜੇਮਿਮਾ ਰੋਡ੍ਰਿਗੇਜ਼ ਦੀ ਸ਼ਾਨਦਾਰ ਫੀਲਡਿੰਗ ਅਤੇ ਥ੍ਰੋਅ ‘ਤੇ ਰਨ ਆਊਟ ਹੋਈ ਤਾਂ ਉਥੇ ਹੀ ਰੇਣੂਕਾ ਸਿੰਘ ਨੇ ਸ਼ਾਨਦਾਰ ਲੈਅ ‘ਚ ਚੱਲ ਰਹੀ ਓਰਲੀ ਪ੍ਰੈਂਡਰਗੈਸਟ ਨੂੰ ਖਾਤਾ ਖੋਲ੍ਹੇ ਬਿਨਾਂ ਬੋਲਡ ਕਰ ਦਿੱਤਾ। ਇਸ ਤੋਂ ਬਾਅਦ ਸਲਾਮੀ ਬੱਲੇਬਾਜ਼ ਗੈਬੀ ਲੇਵਿਸ (ਅਜੇਤੂ 32) ਤੇ ਕਪਤਾਨ ਲੌਰਾ ਡੀਲੈਨੀ (ਅਜੇਤੂ 17) ਨੇ ਤੀਜੀ ਵਿਕਟ ਲਈ 45 ਗੇਂਦਾਂ ‘ਚ 53 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਮੈਚ ‘ਚ ਆਇਰਲੈਂਡ ਦੀ ਵਾਪਸੀ ਕਰਵਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੀ ਕੋਸ਼ਿਸ਼ ‘ਤੇ ਹਾਲਾਂਕਿ ਮੀਂਹ ਨੇ ਪਾਣੀ ਫੇਰ ਦਿੱਤਾ। ਇਸ ਤੋਂ ਪਹਿਲਾਂ ਖੱਬੇ ਹੱਥ ਦੀ ਬੱਲੇਬਾਜ਼ ਮੰਧਾਨਾ ਨੇ 56 ਗੇਂਦਾਂ ਦੀ ਹਮਲਵਾਰ ਪਾਰੀ ਵਿਚ 9 ਚੌਕੇ ਤੇ 3 ਛੱਕੇ ਲਾਏ। ਉਸ ਨੇ ਸ਼ੈਫਾਲੀ ਵਰਮਾ (24) ਨਾਲ ਪਹਿਲੀ ਵਿਕਟ ਲਈ 62 ਦੌੜਾਂ ਤੇ ਕਪਤਾਨ ਹਰਮਨਪ੍ਰੀਤ ਕੌਰ (13) ਦੇ ਨਾਲ ਦੂਜੀ ਵਿਕਟ ਲਈ 52 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿਵਾਈ। ਬੱਲੇਬਾਜ਼ੀ ਲਈ ਮੁਸ਼ਕਿਲ ਪਿੱਚ ‘ਤੇ ਸ਼ੈਫਾਲੀ ਤੇ ਹਰਮਨਪ੍ਰੀਤ ਦੌੜਾਂ ਬਣਾਉਣ ਲਈ ਸੰਘਰਸ਼ ਕਰਦੀਆਂ ਦਿਸੀਆਂ ਪਰ ਸਮ੍ਰਿਤੀ ‘ਤੇ ਇਸਦਾ ਕੋਈ ਅਸਰ ਨਹੀਂ ਹੋਇਆ। ਸ਼ੈਫਾਲੀ ਨੇ 29 ਗੇਂਦਾਂ ਦੀ ਪਾਰੀ ਵਿਚ 3 ਚੌਕੇ ਲਾਏ ਜਦਕਿ ਹਰਮਨਪ੍ਰੀਤ 20 ਗੇਂਦਾਂ ਦੀ ਪਾਰੀ ‘ਚ ਇਕ ਵੀ ਚੌਕਾ ਲਗਾਉਣ ‘ਚ ਕਾਮਯਾਬ ਨਹੀਂ ਹੋ ਸਕੀ।