ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ‘ਆਪ’ ਸਰਕਾਰ ਨੇ ਪਹਿਲੀ ਜੁਲਾਈ ਤੋਂ ਰਾਜ ਦੇ ਲੋਕਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣੀ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅੱਜ ਤੋਂ ਬਿਜਲੀ ਦੇ ‘ਜ਼ੀਰੋ ਬਿੱਲ’ ਮਿਲਣਗੇ। ਉਨ੍ਹਾਂ ਕਿਹਾ ਕਿ ‘ਆਪ’ ਨੇ ਆਪਣੀ ਪਹਿਲੀ ਗਾਰੰਟੀ ਨੂੰ ਅੱਜ ਅਮਲੀ ਜਾਮਾ ਪਹਿਨਾ ਦਿੱਤਾ ਹੈ। ਉਨ੍ਹਾਂ ਕਿਹਾ ਕਿ 31 ਦਸੰਬਰ 2021 ਤੋਂ ਪਹਿਲਾਂ ਦੇ ਸਾਰੇ ਬਿਜਲੀ ਬਿੱਲ ਮੁਆਫ਼ ਕਰ ਦਿੱਤੇ ਗਏ ਹਨ, ਜਿਸ ਕਰਕੇ ਖਪਤਕਾਰਾਂ ਨੂੰ 31 ਦਸੰਬਰ ਤੋਂ ਪਹਿਲਾਂ ਦੇ ਕੋਈ ਬਕਾਏ ਨਹੀਂ ਤਾਰਨੇ ਪੈਣਗੇ। ਹਾਲਾਂਕਿ ਮੁਫ਼ਤ ਬਿਜਲੀ ਸਬੰਧੀ ਸਰਕਾਰ ਵੱਲੋਂ ਅਜੇ ਤੱਕ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਰਕੇ ਪਾਵਰਕੌਮ ਭੰਬਲਭੂਸੇ ’ਚ ਹੈ। ਮੁੱਖ ਮੰਤਰੀ ਨੇ ਇਕ ਵੀਡੀਓ ’ਚ ਕਿਹਾ ਕਿ ਪਾਵਰ ਸੈਕਟਰ ’ਚ ਹੁਣ ਬਿਜਲੀ ਦੀ ਕੋਈ ਕਮੀ ਨਹੀਂ ਹੈ ਅਤੇ ਕਿਧਰੋਂ ਵੀ ਬਿਜਲੀ ਦੀ ਕਮੀ ਬਾਰੇ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ। ਕਿਸਾਨਾਂ ਨੂੰ ਖੇਤੀ ਲਈ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਬਜਟ ਸੈਸ਼ਨ ’ਚ ਸਰਕਾਰ ਨੇ ਪਹਿਲੀ ਜੁਲਾਈ ਤੋਂ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਫ਼ੈਸਲਾ ਕੀਤਾ ਹੈ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ’ਤੇ 1800 ਕਰੋਡ਼ ਦਾ ਸਾਲਾਨਾ ਖਰਚ ਆਉਣ ਦੀ ਗੱਲ ਵੀ ਆਖੀ ਹੈ। ਉਧਰ ਪਾਵਰਕੌਮ ਭੰਬਲਭੂਸੇ ’ਚ ਹੈ ਕਿਉਂਕਿ ਪੰਜਾਬ ਸਰਕਾਰ ਨੇ ਇਸ ਬਾਬਤ ਕੋਈ ਨੋਟੀਫਿਕੇਸ਼ਨ ਜਾਰੀ ਹੀ ਨਹੀਂ ਕੀਤਾ ਹੈ। ਬੇਸ਼ੱਕ ‘ਆਪ’ ਸਰਕਾਰ ਪਹਿਲੀ ਜੁਲਾਈ ਤੋਂ ਹੀ 300 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਵਾਅਦਾ ਪੂਰਾ ਕਰੇਗੀ, ਪਰ ਇਸ ਨਾਲ ਪਾਵਰਕੌਮ ਦਾ ਝਮੇਲਾ ਜ਼ਰੂਰ ਵਧੇਗਾ। ਸਰਕਾਰੀ ਸੂਤਰ ਆਖਦੇ ਹਨ ਕਿ ਚਾਹੇ ਨੋਟੀਫਿਕੇਸ਼ਨ ਇਕ ਦੋ ਦਿਨਾਂ ’ਚ ਜਾਰੀ ਹੋ ਜਾਵੇਗਾ, ਪਰ ਖਪਤਕਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਅੱਜ ਤੋਂ ਹੀ ਮਿਲਣੀ ਸ਼ੁਰੂ ਹੋ ਜਾਵੇਗੀ।