ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਿਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ ਸਗੋਂ ਇਨ੍ਹਾਂ ‘ਚ ਵਾਧਾ ਹੋ ਗਿਆ ਜਾਪਦਾ ਹੈ। ਦਾਣਾ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਸਬੰਧੀ ਫਾਈਲਾਂ ਹੁਣ ਵਿਜੀਲੈਂਸ ਵਿਭਾਗ ਕੋਲੋਂ ਈ.ਡੀ. ਨੇ ਮੰਗ ਲਈਆਂ ਹਨ। ਇਸ ਮਾਮਲੇ ‘ਚ ਸਿੱਧੇ ਤੌਰ ‘ਤੇ ਹੁਣ ਈ.ਡੀ. ਜਾਂਚ ਕਰੇਗੀ ਜਿਸ ਨਾਲ ਆਸ਼ੂ ਲਈ ਵੱਡੀ ਮੁਸ਼ਕਿਲ ਖੜ੍ਹੀ ਹੁੰਦੀ ਨਜ਼ਰ ਆ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਜਲਦੀ ਹੀ ਈ.ਡੀ. ਇਸ ‘ਚ ਤਾਜ਼ਾ ਐੱਫ.ਆਈ.ਆਰ. ਦਰਜ ਕਰਕੇ ਸਾਬਕਾ ਮੰਤਰੀ ਆਸ਼ੂ ਨੂੰ ਪੁੱਛ ਪੜਤਾਲ ਲਈ ਬੁਲਾ ਸਕਦੀ ਹੈ। ਵਿਜੀਲੈਂਸ ਦੇ ਉੱਚ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਈ.ਡੀ. ਵੱਲੋਂ ਇਸ ਮਾਮਲੇ ਸਬੰਧੀ ਮੰਗੀਆਂ ਸਾਰੀਆਂ ਫਾਈਲਾਂ ਭੇਜ ਦਿੱਤੀਆਂ ਗਈਆਂ ਹਨ। ਸੂਤਰਾਂ ਅਨੁਸਾਰ ਈ.ਡੀ. ਸਿੱਧੇ ਤੌਰ ‘ਤੇ ਮਨੀ ਲਾਂਡਰਿੰਗ ਦਾ ਕੇਸ ਦਰਜ ਕਰਨ ਦੀ ਤਿਆਰੀ ‘ਚ ਹੈ। ਜ਼ਿਕਰਯੋਗ ਹੈ ਕਿ ਟੈਂਡਰ ਘੁਟਾਲੇ ਮਾਮਲੇ ‘ਚ ਆਸ਼ੂ ਪਿਛਲੇ ਛੇ ਦਿਨਾਂ ਤੋਂ ਪੁਲੀਸ ਰਿਮਾਂਡ ‘ਤੇ ਚੱਲ ਰਹੇ ਹਨ ਹਾਲਾਂਕਿ ਆਸ਼ੂ ਨੇ ਇਸ ਮਾਮਲੇ ‘ਚ ਆਪਣਾ ਮੂੰਹ ਨਹੀਂ ਖੋਲ੍ਹਿਆ ਹੈ। ਇਸ ਕੇਸ ‘ਚ ਵਿਜੀਲੈਂਸ ਨੇ 16 ਅਗਸਤ ਨੂੰ ਠੇਕੇਦਾਰ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ‘ਤੇ ਐੱਫ.ਆਈ.ਆਰ. ਦਰਜ ਕੀਤੀ ਸੀ, ਜਿਸ ‘ਚ ਠੇਕੇਦਾਰ ਤੇਲੂ ਰਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਗਰੋਂ 22 ਅਗਸਤ ਨੂੰ ਸਾਬਕਾ ਮੰਤਰੀ ਆਸ਼ੂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਵਿਜੀਲੈਂਸ ਦੀ ਜਾਂਚ ‘ਚ ਸਾਹਮਣੇ ਆਇਆ ਸੀ ਕਿ ਸਾਬਕਾ ਮੰਤਰੀ ਵੱਲੋਂ ਲੁਧਿਆਣਾ ਦੇ ਇਕ ਨਿਵੇਸ਼ਕ ਰਾਹੀਂ ਵੱਡੀ ਰਕਮ ਵਿਦੇਸ਼ਾਂ ‘ਚ ਲਗਾਈ ਗਈ ਹੈ, ਜਿਸ ਸਬੰਧੀ ਵਿਜੀਲੈਂਸ ਵੱਲੋਂ ਉਕਤ ਨਿਵੇਸ਼ਕ ਹੇਮੰਤ ਸੂਦ ਤੋਂ ਵੀ ਪੁੱਛ ਪੜਤਾਲ ਕੀਤੀ ਹੈ। ਵਿਜੀਲੈਂਸ ਦੀ ਟੀਮ ਨੇ ਹੇਮੰਤ ਸੂਦ ਨੂੰ ਕੁਝ ਦਸਤਾਵੇਜ਼ਾਂ ਸਣੇ ਸੱਦਿਆ ਸੀ। ਜਾਂਚ ਅਧਿਕਾਰੀ ਇਹ ਪਤਾ ਕਰਨਾ ਚਾਹੁੰਦੇ ਹਨ ਕਿ ਉਸ ਵੱਲੋਂ ਕਦੋਂ, ਕਿੱਥੇ ਤੇ ਕਿੰਨਾ ਨਿਵੇਸ਼ ਕੀਤਾ ਗਿਆ ਹੈ। ਵਿਜੀਲੈਂਸ ਵੱਲੋਂ ਨਗਰ ਨਿਗਮ ਕੋਲੋਂ ਸ਼ਹਿਰ ਦੇ ਮੇਅਰ ਬਲਕਾਰ ਸੰਧੂ ਤੇ ਆਸ਼ੂ ਦੇ ਨੇੜਲੇ ਕੌਂਸਲਰ ਸੰਨੀ ਭੱਲਾ ਦੀ ਜਾਇਦਾਦ ਸਬੰਧੀ ਵੀ ਰਿਕਾਰਡ ਮੰਗਵਾਏ ਹਨ। ਇਸ ਤੋਂ ਪਹਿਲਾਂ ਸਾਬਕਾ ਮੰਤਰੀ ਆਸ਼ੂ ਦੇ ਨੜਲੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਨ ਵੱਲੋਂ ਕੀਤੇ ਗਏ ਕਰੋੜਾਂ ਰੁਪਏ ਦੇ ਘੁਟਾਲੇ ਦਾ ਮਾਮਲਾ ਵੀ ਪਹਿਲਾਂ ਹੀ ਈ.ਡੀ. ਦੇ ਦਰਬਾਰ ਪੁੱਜ ਚੁੱਕਿਆ ਹੈ। ਵਿਜੀਲੈਂਸ ਨੇ ਇਸ ਮਾਮਲੇ ‘ਚ ਸਾਬਕਾ ਮੰਤਰੀ ਦੇ ਪੀ.ਏ. ਮੀਨੂੰ ਪੰਕਜ ਮਲਹੋਤਰਾ ਤੇ ਸਾਥੀ ਇੰਦਰਜੀਤ ਇੰਦੀ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ ਕਿਉਂਕਿ ਵਿਜੀਲੈਂਸ ਬਿਊਰੋ ਨੂੰ ਖ਼ਦਸ਼ਾ ਹੈ ਕਿ ਇਹ ਦੋਵੇਂ ਵਿਦੇਸ਼ ਭੱਜ ਸਕਦੇ ਹਨ।