ਆਈ.ਸੀ.ਸੀ. ਟੀ-20 ਵਰਲਡ ਕੱਪ ਦਾ ਇਕ ਮੈਚ ਬੰਗਲਾਦੇਸ਼ ਅਤੇ ਜ਼ਿੰਬਾਬਵੇ ਵਿਚਕਾਰ ਐਤਵਾਰ ਨੂੰ ਖੇਡਿਆ ਗਿਆ। ਇਸ ਮੈਚ ‘ਚ ਅਚਾਨਕ ਇੰਡੀਆ-ਪਾਕਿਸਤਾਨ ਦੇ ਮੈਚ ਵਰਗਾ ਰੋਮਾਂਚ ਦੇਖਣ ਨੂੰ ਮਿਲਿਆ। ਜ਼ਿੰਬਾਬਵੇ ਨੂੰ ਆਖ਼ਰੀ ਓਵਰ ‘ਚ 16 ਦੌੜਾਂ ਚਾਹੀਦੀਆਂ ਸਨ। ਉਨ੍ਹਾਂ ਨੇ 11 ਦੌੜਾਂ ਤਾਂ ਬਣਾ ਲਈਆਂ ਪਰ ਆਖ਼ਰੀ 2 ਗੇਂਦਾਂ ‘ਤੇ 2 ਵਿਕਟਾਂ ਡਿੱਗੀਆਂ ਅਤੇ ਜ਼ਿੰਬਾਬਵੇ ਹਾਰ ਗਈ। ਦੋਵੇਂ ਟੀਮਾਂ ਡਗਆਊਟ ‘ਚ ਚਲੀਆਂ ਗਈਆਂ ਪਰ ਰੋਮਾਂਚ ਖ਼ਤਮ ਨਹੀਂ ਹੋਇਆ। ਮੈਚ ਰੈਫ਼ਰੀ ਨੇ ਆਖ਼ਰੀ ਗੇਂਦ ਨੂੰ ਨੋ ਬਾਲ ਦੇ ਦਿੱਤਾ ਕਿਉਂਕਿ ਬੰਗਲਾਦੇਸ਼ ਦੇ ਵਿਕੇਟ ਕੀਪਰ ਨੂਰਲ ਹਸਲ ਨੇ ਵਿਕੇਟ ਦੇ ਅੱਗੇ ਤੋਂ ਗੇਂਦ ਫੜੀ ਅਤੇ ਜ਼ਿੰਬਾਬਵੇ ਦੇ ਬੈਟਸਮੈਨ ਨੂੰ ਸਟੰਪ ਕੀਤਾ। ਪਰ ਲੱਕੀ ਚਾਂਸ ਮਿਲਣ ਦੇ ਬਾਵਜੂਦ ਜ਼ਿੰਬਾਬਵੇ ਹਾਰ ਗਈ। ਮੋਸਦੈਕ ਨੇ ਆਖ਼ਰੀ ਗੇਂਦ ਵੀ ਖਾਲੀ ਕਰਾ ਦਿੱਤੀ ਅਤੇ ਕੋਈ ਦੌੜ ਨਹੀਂ ਦਿੱਤੀ। ਜ਼ਿੰਬਾਬਵੇ 3 ਦੌੜਾਂ ਨਾਲ ਹਾਰੀ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 7 ਵਿਕਟਾਂ ‘ਤੇ 150 ਦੌੜਾਂ ਬਣਾਈਆਂ ਸਨ। ਜਵਾਬ ‘ਚ ਜ਼ਿੰਬਾਬਵੇ ਦੀ ਟੀਮ 147 ਦੌੜਾਂ ਹੀ ਬਣ ਸਕੀ।