ਕਾਂਗਰਸ ਵੱਲੋਂ ਜਲੰਧਰ ਵੈਸਟ ਹਲਕੇ ਤੋਂ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੂੰ ਪਾਰਟੀ ‘ਚੋਂ ਕੱਢਣ ਦਾ ਐਲਾਨ ਕਰਨ ਦੇ ਕੁਝ ਹੀ ਘੰਟੇ ਬਾਅਦ ਉਹ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਅਗਵਾਈ ‘ਚ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ। ਸਮਝਿਆ ਜਾਂਦਾ ਹੈ ਕਿ ਉਨ੍ਹਾਂ ਦੇ ‘ਆਪ’ ਵਿੱਚ ਜਾਣ ਦੀ ਕਨਸੋਅ ਕਾਂਗਰਸ ਪਾਰਟੀ ਨੂੰ ਲੱਗ ਗਈ ਸੀ ਜਿਸ ਕਾਰਨ ਉਨ੍ਹਾਂ ਪਹਿਲ ਕਰਦਿਆਂ ਪਹਿਲਾਂ ਹੀ ਕੱਢਣ ਦਾ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦਾ ਪਾਰਟੀ ‘ਚ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਉਹ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੇ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਸੁਸ਼ੀਲ ਕੁਮਾਰ ਰਿੰਕੂ ਦੇ ਪਾਰਟੀ ‘ਚ ਸ਼ਾਮਲ ਹੋਣ ਦਾ ਤਹਿ ਦਿਲੋਂ ਸੁਆਗਤ ਕੀਤਾ। ਸੰਬੋਧਨ ‘ਚ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੱਖਾਂ-ਕਰੋੜਾਂ ਲੋਕਾਂ ਦੀ ਪਾਰਟੀ ਹੈ। ਅਸੀਂ ਬਦਲੇ ਦੀ ਭਾਵਨਾ ਦੀ ਰਾਜਨੀਤੀ ਨਹੀਂ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਜਲੰਧਰ ਹਲਕੇ ਦੇ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਵਿਕਾਸ ਦੀ, ਸਕੂਲਾਂ ਦੀ ਅਤੇ ਸ਼ਹਿਰਾਂ ਨੂੰ ਚਮਕਾਉਣ ਦੀ ਰਾਜਨੀਤੀ ਕਰਾਂਗੇ। ਅਸੀਂ ਕੋਈ ਬਦਲੇ ਦੀ ਰਾਜਨੀਤੀ ਨਹੀਂ ਕਰਨੀ। ਉਨ੍ਹਾਂ ਕਿਹਾ ਕਿ ਸੁਸ਼ੀਲ ਰਿੰਕੂ ਦੇ ਤਜ਼ਰਬੇ ਦਾ ਇਸਤੇਮਾਲ ਸਾਡੀ ਪਾਰਟੀ ਕਰੇਗੀ ਅਤੇ ਪਾਰਟੀ ਹੋਰ ਮਜ਼ਬੂਤ ਹੋਵੇਗੀ। ਇਸ ਤੋਂ ਪਹਿਲਾਂ ਸਾਬਕਾ ਵਿਧਾਇਕ ਰਿੰਕੂ ਕਾਂਗਰਸ ‘ਚੋਂ ਕੱਢਣ ਦਾ ਐਲਾਨ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕੀਤਾ। ਦੱਸਣਾ ਬਣਦਾ ਹੈ ਕਿ ਇਕ ਹਫਤੇ ਤੋਂ ਰਿੰਕੂ ਦੇ ‘ਆਪ’ ਵਿੱਚ ਸ਼ਾਮਲ ਦੀ ਚਰਚਾ ਚੱਲ ਰਹੀ ਸੀ।