ਕੈਨੇਡਾ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਇੰਡੀਆ ਦੇ ਆਪਣੇ ਹਮਰੁਤਬਾ ਰਾਜਨਾਥ ਸਿੰਘ ਨਾਲ ਫੋਨ ‘ਤੇ ਗੱਲਬਾਤ ਕੀਤੀ। ਉਨ੍ਹਾਂ ਦੋਵੇਂ ਦੇਸ਼ਾਂ ਦੀ ਰੱਖਿਆ ਸਾਂਝੇਦਾਰੀ ਨੂੰ ਉੱਚ ਪੱਧਰ ਤਕ ਲੈ ਜਾਣ ਦੀ ਦਿਸ਼ਾ ‘ਚ ਕੰਮ ਕਰਨ ਦਾ ਸੰਕਲਪ ਲਿਆ। ਇਸ ਗੱਲਬਾਤ ਦੌਰਾਨ ਅਨੀਤਾ ਆਨੰਦ ਨੇ ਰਾਜਨਾਥ ਸਿੰਘ ਨੂੰ ਕੈਨੇਡਾ ਦੀ ਹਿੰਦ-ਪ੍ਰਸ਼ਾਂਤ ਰਣਨੀਤੀ ਦੇ ਇੰਡੀਆ ਨਾਲ ਆਪਣੇ ਰਿਸ਼ਤਿਆਂ ਨੂੰ ਵਧਾਉਣ ਨਾਲ ਜੁੜੇ ਮਹੱਤਵ ਦੀ ਜਾਣਕਾਰੀ ਦਿੱਤੀ। ਉਥੇ ਹੀ ਰੱਖਿਆ ਮੰਤਰੀ ਨੇ ਕਿਹਾ ਕਿ ਕੈਨੇਡੀਅਨ ਰੱਖਿਆ ਕੰਪਨੀਆਂ ਇੰਡੀਆ ‘ਚ ਫ਼ੌਜੀ ਸਾਜ਼ੋ-ਸਾਮਾਨ ਦੇ ਸਹਿ-ਉਤਪਾਦਨ ‘ਤੇ ਗ਼ੌਰ ਕਰ ਸਕਦੀਆਂ ਹਨ। ਰਾਜਨਾਥ ਸਿੰਘ ਨੇ ਟਵੀਟ ਕੀਤਾ, ‘ਕੈਨੇਡਾ ਦੀ ਰੱਖਿਆ ਮੰਤਰੀ ਅਨਿਤਾ ਆਨੰਦ ਦੇ ਨਾਲ ਗੱਲਬਾਤ ਕਰਕੇ ਖ਼ੁਸ਼ੀ ਹੋਈ। ਅਸੀਂ ਕੈਨੇਡਾ ਦੀ ਹਿੰਦ-ਪ੍ਰਸ਼ਾਂਤ ਰਣਨੀਤੀ ਦਾ ਸੁਆਗਤ ਕੀਤਾ। ਉਦਯੋਗਿਕ ਸਹਿਯੋਗ ਸਮੇਤ ਦੁਵੱਲੇ ਰੱਖਿਆ ਸਬੰਧਾਂ ਨੂੰ ਵਿਕਸਿਤ ਕਰਨ ਦੇ ਤਰੀਕਿਆਂ ‘ਤੇ ਬਿਹਤਰੀਨ ਚਰਚਾ ਹੋਈ। ਕੈਨੇਡਾ ਦੀਆਂ ਰੱਖਿਆ ਕੰਪਨੀਆਂ ਨੂੰ ਇੰਡੀਆ ‘ਚ ਚ ਨਿਵੇਸ਼ ਤੇ ਨਿਰਮਾਣ ਲਈ ਸੱਦਾ ਦਿੱਤਾ।’ ਕੈਨੇਡੀਅਨ ਰੱਖਿਆ ਮੰਤਰੀ ਨੇ ਇਸ ਗੱਲਬਾਤ ਨੂੰ ਸਾਰਥਕ ਦੱਸਿਆ। ਉਨ੍ਹਾਂ ਟਵੀਟ ਕੀਤਾ, ‘ਅੱਜ ਮੈਂ ਇੰਡੀਆ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਸਾਰਥਕ ਚਰਚਾ ਕੀਤੀ। ਕੈਨੇਡਾ ਦੀ ਹਿੰਦ-ਪ੍ਰਸ਼ਾਂਤ ਰਣਨੀਤੀ ਜ਼ਰੀਏ, ਅਸੀਂ ਇਸ ਖੇਤਰ ‘ਚ ਆਪਣੀ ਹਾਜ਼ਰੀ ਵਧਾ ਰਹੇ ਹਾਂ। ਇੰਡੀਆ ਕੈਨੇਡਾ ਲਈ ਇਕ ਮਜ਼ਬੂਤ ਭਾਗੀਦਾਰ ਬਣਿਆ ਰਹੇਗਾ।’ ਰੱਖਿਆ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਕਿ ਦੋਵਾਂ ਮੰਤਰੀਆਂ ਨੇ ਦੁਵੱਲੇ ਰੱਖਿਆ ਸਬੰਧਾਂ ਨੂੰ ਹੋਰ ਹੁਲਾਰਾ ਦੇਣ ਦੇ ਤੌਰ-ਤਰੀਕਿਆਂ ‘ਤੇ ਚਰਚਾ ਕੀਤੀ ਜੋ ਦੋਵਾਂ ਦੇਸ਼ਾਂ ਦੇ ਲੋਕਤੰਤਰਿਕ ਲੋਕਾਚਾਰ ਤੇ ਹਿੰਦ-ਪ੍ਰਸ਼ਾਂਤ ਖੇਤਰ ‘ਚ ਸ਼ਾਂਤੀ ਤੇ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਸਾਂਝੇ ਹਿਤਾਂ ਨੂੰ ਦਰਸਾਉਂਦਾ ਹੈ। ਇਸ ‘ਚ ਕਿਹਾ ਗਿਆ ਹੈ, ‘ਦੋਵੇਂ ਮੰਤਰੀ ਰੱਖਿਆ ਸਬੰਧਾਂ ਨੂੰ ਉੱਚ ਪੱਧਰ ਤਕ ਲੈ ਜਾਣ ਤੇ ਰੱਖਿਆ ਖੇਤਰ ‘ਚ ਇੰਡੀਆ-ਕੈਨੇਡਾ ਦੁਵੱਲੇ ਰਿਸ਼ਤਿਦਆਂ ਦਾ ਇਕ ਮਹੱਤਵਪੂਰਨ ਥੰਮ੍ਹ ਬਣਾਉਣ ਲਈ ਕੰਮ ਕਰਨ ‘ਤੇ ਸਹਿਮਤ ਹੋਏ।’ ਮੰਤਰਾਲੇ ਨੇ ਕਿਹਾ ਕਿ ਇਹ ਗੱਲਬਾਤ ਜੋਸ਼ ਭਰੀ ਤੇ ਸੁਹਿਰਦ ਰਹੀ।