ਗੋਲੀਆਂ ਮਾਰ ਕੇ ਕਤਲ ਕੀਤੇ ਗਏ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਦੇ ਵਾਸੀਆਂ ਨੇ ਇਸ ਵਾਰ ਕਾਲੀ ਦੀਵਾਲੀ ਮਨਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਗੁਰੂਘਰ ‘ਚ ਇਸ ਸਬੰਧੀ ਸਭ ਨੂੰ ਸੂਚਿਤ ਕੀਤਾ ਗਿਆ ਹੈ। ਸਿੱਧੂ ਦੇ ਕਤਲ ਖ਼ਿਲਾਫ਼ ਅਤੇ ਉਸ ਨੂੰ ਇਨਸਾਫ਼ ਨਾ ਮਿਲਣ ਦੇ ਚੱਲਦਿਆਂ ਕਾਲੀ ਦੀਵਾਲੀ ਮਨਾਈ ਜਾਵੇਗੀ ਜਿਸ ਲਈ ਪਿੰਡ ਮੂਸਾ ‘ਚ ਨਾ ਤਾਂ ਦੀਵੇ ਜਗਾਏ ਜਾਣਗੇ ਅਤੇ ਨਾ ਹੀ ਪਟਾਕੇ ਚਲਾਏ ਜਾਣਗੇ। ਪਿੰਡ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਧਾਰਮਿਕ ਥਾਵਾਂ ‘ਤੇ ਵੀ ਦੀਪਮਾਲਾ ਨਾ ਕਰਨ ਲਈ ਵੀ ਲੋਕਾਂ ਨੂੰ ਅਪੀਲ ਕੀਤੀ ਗਿਆ ਹੈ। ਇਸ ਸੰਬੰਧੀ ਗੱਲ ਕਰਦਿਆਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਕਿਹਾ ਕਿ ਸਾਨੂੰ ਅੰਦਾਜ਼ਾ ਨਹੀਂ ਸੀ ਕਿ ਪਿੰਡ ਵਾਸੀ ਉਨ੍ਹਾਂ ਦੇ ਦੁੱਖ ‘ਚ ਸ਼ਾਮਲ ਹੋਣ ਲਈ ਇਹ ਰਾਹ ਅਪਣਾਉਣਗੇ। ਇਸ ਮੌਕੇ ਮੂਸੇਵਾਲਾ ਦੇ ਇਕ ਪ੍ਰਸ਼ੰਸਕ ਨੇ ਕਿਹਾ ਕਿ ਦੀਵਾਲੀ ਵਾਲੇ ਦਿਨ ਪਿੰਡ ਮੂਸਾ ‘ਚ ਬਣਾਈ ਸਿੱਧੂ ਦੀ ਸਮਾਧ ‘ਤੇ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਗੁਰਬਾਣੀ ਦੇ ਜਾਪ ਹੋਣਗੇ ਅਤੇ ਬਾਅਦ ‘ਚ ਸਮਾਧ ਤੋਂ ਲੈ ਕੇ ਘਰ ਤੱਕ ਕੈਂਡਲ ਮਾਰਚ ਕੱਢਿਆ ਜਾਵੇਗੀ। ਯਾਦ ਰਹੇ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ 5 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਇਸ ਕਤਲ ਕਾਂਡ ਦੇ ਮੁੱਖ ਦੋਸ਼ੀਆਂ ਤੱਕ ਨਹੀਂ ਪਹੁੰਚ ਸਕੀ ਹੈ। ਹਾਲਾਂਕਿ ਇਸ ‘ਚ ਨਾਮਜ਼ਦ ਕਈ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ‘ਚ ਹਨ ਪਰ ਇਸ ਸਬੰਧੀ ਹੁਣ ਤੱਕ ਕਿਸੇ ਨੂੰ ਨਹੀਂ ਪਤਾ ਕਿ ਇਸ ਦਾ ਮਾਸਟਰਮਾਈਂਡ ਕੌਣ ਹੈ ਅਤੇ ਕਿਸ ਕਾਰਨ ਦੇ ਚੱਲਦਿਆਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਮੂਸੇਵਾਲਾ ਦੇ ਮਾਤਾ-ਪਿਤਾ ਅਤੇ ਪ੍ਰਸ਼ੰਸਕਾਂ ਵੱਲੋਂ ਇਨਸਾਫ਼ ਦਵਾਉਣ ਲਈ ਕੈਂਡਲ ਮਾਰਚ ਕੱਢੇ ਜਾਂਦੇ ਰਹੇ ਹਨ। ਸਿੱਧੂ ਦੇ ਮਾਤਾ-ਪਿਤਾ ਤਾਂ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਰਕਾਰ ਤੋਂ ਕੁਝ ਖ਼ਾਸ ਉਮੀਦ ਨਹੀਂ ਹੈ ਪਰ ਲੋਕ ਉਨ੍ਹਾਂ ਨਾਲ ਸ਼ੁਰੂ ਤੋਂ ਖੜ੍ਹੇ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਦਾ ਬਹੁਤ ਹੌਂਸਲਾ ਹੈ। ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਸਾਰੇ ਸ਼ੂਟਰਾਂ ਨੂੰ ਤਾਂ ਪੁਲੀਸ ਨੇ ਕਾਬੂ ਕਰ ਲਿਆ ਹੈ ਅਤੇ ਦੋ ਪੁਲੀਸ ਮੁਕਾਬਲੇ ‘ਚ ਮਾਰੇ ਜਾ ਚੁੱਕੇ ਹਨ ਪਰ ਫਿਰ ਵੀ ਗਾਇਕ ਸ਼ੁੱਭਦੀਪ ਦੇ ਮਾਤਾ-ਪਿਤਾ ਇਸ ਨੂੰ ਇਨਸਾਫ਼ ਨਹੀਂ ਮੰਨਦੇ ਅਤੇ ਲਗਾਤਾਰ ਪੁੱਤਰ ਦੇ ਮੌਤ ਪਿੱਛੇ ਮਾਸਟਰਮਾਈਂਡ ਨੂੰ ਕਾਬੂ ਕਰਨ ਦੀ ਮੰਗ ਕਰ ਰਹੇ ਹਨ। ਇਸੇ ਕਾਰਨ ਰੋਸ ਵਜੋਂ ਮਾਨਸਾ ਜ਼ਿਲ੍ਹੇ ਦੇ ਕਈ ਪਿੰਡਾਂ ਵੱਲੋਂ ‘ਕਾਲੀ ਦੀਵਾਲੀ’ ਮਨਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਨਸਾਫ਼ ਦੀ ਉਡੀਕ ਕਰ ਰਹੇ ਮੂਸੇਵਾਲਾ ਦੇ ਮਾਪੇ ਅਤੇ ਪ੍ਰਸ਼ੰਸਕ ਰੋਸ ਵਜੋਂ ਜ਼ਿਲ੍ਹੇ ਦੇ ਪਿੰਡ ਮੂਸੇਵਾਲਾ ਤੇ ਜਵਾਹਰਕੇ ਤੋਂ ਇਲਾਵਾ ਬੁਰਜ ਢਿੱਲਵਾਂ, ਜੋਗਾ ਰਮਦਿੱਤੇਵਾਲਾ, ਖੋਖਰ, ਸੱਦਾ ਸਿੰਘ ਵਾਲਾ, ਗੇਹਲੇ, ਗਾਗੋਵਾਲ ਆਦਿ ਪਿੰਡਾਂ ਵੱਲੋਂ ਇਸ ਵਾਰ ਕਾਲੀ ਦੀਵਾਲੀ ਮਨਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਮੌਕੇ ਪਿੰਡ ਜਵਾਹਰਕੇ ਦੇ ਸਾਬਕਾ ਸਰਪੰਚ ਰਾਜਿੰਦਰ ਸਿੰਘ ਜਵਾਹਰਕੇ ਨੇ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕਰਦਿਆਂ ਛੇਤੀ ਤੋਂ ਛੇਤੀ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ।