ਰਿਚਮੰਡ ਇੰਡੀਅਨਾ ਵਿਖੇ ਪਿਛਲੇ ਮਹੀਨੇ ਡਿਊਟੀ ਦੌਰਾਨ ਸਿਰ ‘ਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਈ ਮਹਿਲਾ ਪੁਲੀਸ ਅਧਿਕਾਰੀ 28 ਸਾਲਾ ਸੀਰਾ ਬਰਟਨ ਦੀ ਮੌਤ ਹੋ ਗਈ ਹੈ। ਸੀਰਾ ਬਰਟਨ ਟ੍ਰੈਫਿਕ ਸਟਾਪ ਦੌਰਾਨ ਸਿਰ ‘ਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਈ ਸੀ ਅਤੇ ਉਦੋਂ ਤੋਂ ਹੀ ਉਹ ਓਹੀਓ ਦੇ ਇਕ ਹਸਪਤਾਲ ‘ਚ ਇਲਾਜ ਅਧੀਨ ਸੀ। ਰਿਚਮੰਡ ਪੁਲੀਸ ਵਿਭਾਗ ਨੇ ਫੇਸਬੁੱਕ ‘ਤੇ ਇਕ ਬਿਆਨ ਪੋਸਟ ਕਰਕੇ ਕਿਹਾ ਕਿ ਅਸੀਂ ਰਿਚਮੰਡ ਕਮਿਊਨਿਟੀ ਅਤੇ ਸੀਰਾ ਬਰਟਨ ਦੇ ਪਰਿਵਾਰ ਨੂੰ ਸਮਰਥਨ ਕਰਨ ਵਾਲੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਪਰ ਇਕ ਨੇਕ ਪੁਲੀਸ ਅਧਿਕਾਰੀ ਦਾ ਛੋਟੀ ਉਮਰ ‘ਚ ਚਲੇ ਜਾਣਾ ਵਿਭਾਗ ਨੂੰ ਅਤੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅਧਿਕਾਰੀਆਂ ਨੇ ਦੱਸਿਆ ਟ੍ਰੈਫਿਕ ਸਟਾਪ ਦੌਰਾਨ ਸੀਰਾ ਬਰਟਨ ਨੇ ਲੀ ਨਾਮੀ ਵਿਅਕਤੀ ਨੂੰ ਰੋਕਿਆ ਸੀ ਅਤੇ ਕੇ-9 ਪੁਲੀਸ ਵਿਭਾਗ ਦੇ ਕੁੱਤੇ ਨੇ ਉਸ ਕੋਲ ਨਸ਼ੀਲੇ ਪਦਾਰਥਾਂ ਦੀ ਮੌਜੂਦਗੀ ਦਾ ਸੰਕੇਤ ਦਿੱਤਾ ਸੀ। ਅਦਾਲਤੀ ਦਸਤਾਵੇਜ਼ਾਂ ‘ਚ ਕਿਹਾ ਗਿਆ ਹੈ ਕਿ ਜਦੋਂ ਅਧਿਕਾਰੀ ਗੱਲ ਕਰ ਰਹੇ ਸਨ ਤਾਂ ਦੋਸ਼ੀ ਨੇ ਬੰਦੂਕ ਕੱਢੀ ਅਤੇ ਮਹਿਲਾ ਪੁਲੀਸ ਅਧਿਕਾਰੀ ਬਰਟਨ ਦੇ ਸਿਰ ‘ਚ ਗੋਲੀ ਮਾਰ ਦਿੱਤੀ। ਦੂਜੇ ਅਫ਼ਸਰਾਂ ਨੇ ਜਵਾਬੀ ਗੋਲੀਬਾਰੀ ਕੀਤੀ ਪਰ ਉਹ ਭੱਜ ਗਿਆ। ਹਾਲਾਂਕਿ ਥੋੜ੍ਹੇ ਸਮੇਂ ਬਾਅਦ ਪੁਲੀਸ ਨੇ ਦੋਸ਼ੀ ਲੀ ਨੂੰ ਫੜ ਲਿਆ ਸੀ।