ਨੋਵਾਕ ਜੋਕੋਵਿਚ ਨੂੰ ਐਡੀਲੇਡ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਦੇ ਡਬਲਜ਼ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਦੁਨੀਆ ਦੇ ਨੰਬਰ ਇਕ ਖਿਡਾਰੀ ਦੇ ਕੋਰਟ ‘ਤੇ ਪਹੁੰਚਣ ‘ਤੇ ਦਰਸ਼ਕਾਂ ਨੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ। 21 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਨੂੰ ਪਿਛਲੇ ਸਾਲ ਆਸਟਰੇਲੀਅਨ ਓਪਨ ਤੋਂ ਪਹਿਲਾਂ ਕੋਵਿਡ-19 ਦੀ ਵੈਕਸੀਨ ਨਾ ਲਗਵਾਉਣ ਕਾਰਨ ਆਸਟਰੇਲੀਆ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ। ਜੋਕੋਵਿਚ ਅਤੇ ਵਾਸੇਕ ਪੋਸਪਿਸਿਲ ਦੀ ਜੋੜੀ ਨੂੰ ਟੋਮੀਸਲਾਵ ਬਰਕਿਕ ਅਤੇ ਗੋਂਜ਼ਾਲੋ ਐਸਕੋਬਾਰ ਤੋਂ 4-6, 6-3 (10-5) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟਰੇਲੀਅਨ ਓਪਨ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਟੂਰਨਾਮੈਂਟ ਖੇਡ ਰਿਹਾ ਜੋਕੋਵਿਚ ਸਿੰਗਲਜ਼ ‘ਚ ਆਪਣੀ ਮੁਹਿੰਮ ਦੀ ਸ਼ੁਰੂਆਤ ਭਲਕੇ ਕਰੇਗਾ। ਦਿਨ ਦੇ ਹੋਰ ਮੈਚਾਂ ‘ਚ ਚੌਥਾ ਦਰਜਾ ਪ੍ਰਾਪਤ ਰੂਸ ਦੀ ਵੇਰੋਨਿਕਾ ਕੁਦਰਮੇਤੋਵਾ ਨੇ ਅਮਰੀਕਾ ਦੀ ਅਮਾਂਡਾ ਅਨਿਸਿਮੋਵਾ ਨੂੰ 6-3, 6-0 ਨਾਲ ਹਰਾਇਆ, ਜਦਕਿ ਜਾਪਾਨ ਦੀ ਯੋਸ਼ੀਹਿਤੋ ਨਿਸ਼ੀਓਕਾ ਨੇ ਪੰਜਵਾਂ ਦਰਜਾ ਪ੍ਰਾਪਤ ਡੈਨਮਾਰਕ ਦੀ ਹੋਲਗਰ ਰੂਨੇ ਨੂੰ 2-6, 6-4 ਨਾਲ ਹਰਾਇਆ। ਚੈੱਕ ਗਣਰਾਜ ਦੀ ਖਿਡਾਰਨ ਲਿੰਡਾ ਨੋਸਕੋਵਾ ਨੇ ਇਥੇ ਰੂਸ ਦੀ ਅੱਠਵਾਂ ਦਰਜਾ ਪ੍ਰਾਪਤ ਖਿਡਾਰਨ ਡਾਰੀਆ ਕਸਾਤਕੀਨਾ ਨੂੰ ਸਖ਼ਤ ਮੁਕਾਬਲੇ ‘ਚ ਹਰਾ ਕੇ ਵੱਡਾ ਉਲਟਫੇਰ ਕਰਦਿਆਂ ਐਡੀਲੇਡ ਅੰਤਰਰਾਸ਼ਟਰੀ ਟੈਨਿਸ ਟੂਰਨਾਮੈਂਟ ਦੇ ਦੂਜੇ ਗੇੜ ‘ਚ ਜਗ੍ਹਾ ਬਣਾਈ ਹੈ। ਦੁਨੀਆਂ ਦੀ 102ਵੇਂ ਦਰਜੇ ਵਾਲੀ 18 ਸਾਲਾ ਨੋਸਕੋਵਾ ਨੇ ਇਹ ਮੈਚ 6-3, 6-7 (2), 6-3 ਨਾਲ ਜਿੱਤਿਆ। ਇਹ ਉਸ ਦੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਹੈ। ਉਸ ਨੇ ਇਸ ਤੋਂ ਪਹਿਲਾਂ ਦੁਨੀਆਂ ਦੀ 58ਵੇਂ ਦਰਜੇ ਦੀ ਖਿਡਾਰਨ ਅੰਨਾ ਕਾਲਿੰਸਕਾਇਆ ਅਤੇ 43ਵੇਂ ਦਰਜੇ ਦੀ ਖਿਡਾਰਨ ਅਨਾਸਤਾਸੀਆ ਪੋਟਾਪੋਵਾ ਨੂੰ ਹਰਾ ਕੇ ਮੁੱਖ ਡਰਾਅ ‘ਚ ਜਗ੍ਹਾ ਬਣਾਈ ਸੀ। ਨੋਸਕੋਵਾ ਅਗਲੇ ਗੇੜ ‘ਚ ਆਸਟਰੇਲੀਆ ਦੀ ਪ੍ਰਿਸਿਲਾ ਹੋਨ ਅਤੇ ਅਮਰੀਕਨ ਕੁਆਲੀਫਾਇਰ ਕਲੇਰ ਲਿਊ ਵਿਚਾਲੇ ਹੋਣ ਵਾਲੇ ਮੈਚ ਦੀ ਜੇਤੂ ਨਾਲ ਭਿੜੇਗੀ।