ਮਹਿਲਾ ਟੀ-20 ਵਰਲਡ ਕੱਪ ਦੇ ਫਾਈਨਲ ‘ਚ ਦੱਖਣੀ ਅਫਰੀਕਾ ਨੂੰ 19 ਦੌੜਾਂ ਨਾਲ ਹਰਾ ਕੇ ਆਸਟਰੇਲੀਆ 6ਵੀਂ ਵਾਰ ਟੀ-20 ਵਰਲਡ ਚੈਂਪੀਅਨ ਦਾ ਤਾਜ ਆਪਣੇ ਸਿਰ ਸਜਾਇਆ। ਉਸ ਦੀ ਇਹ ਖਿਤਾਬੀ ਜਿੱਤ ਦਰਜ ਕਰਨ ‘ਚ ਹੈਟ੍ਰਿਕ ਹੈ, ਉਹ ਵੀ ਦੂਜੀ ਵਾਰ। ਨਿਊਲੈਂਡਸ ਮੈਦਾਨ ‘ਤੇ ਖੇਡੇ ਗਏ ਖਿਤਾਬੀ ਮੁਕਾਬਲੇ ‘ਚ ਆਸਟਰੇਲੀਆ ਨੇ ਬੇਥ ਮੂਨੀ (ਅਜੇਤੂ 74) ਦੇ ਅਰਧ ਸੈਂਕੜੇ ਦੀ ਬਦੌਲਤ ਸਾਊਥ ਅਫਰੀਕਾ ਦੇ ਸਾਹਮਣੇ 157 ਦੌੜਾਂ ਦਾ ਟੀਚਾ ਰੱਖਿਆ। ਇਸ ਦੇ ਜਵਾਬ ‘ਚ ਸਾਊਥ ਅਫਰੀਕਾ ਲੌਰਾ ਵੁਲਫਾਰਟ (61) ਦੇ ਜੁਝਾਰੂ ਅਰਧ ਸੈਂਕੜੇ ਦੇ ਬਾਵਜੂਦ 137 ਦੌੜਾਂ ਤਕ ਹੀ ਪਹੁੰਚ ਸਕਿਆ। ਘਰੇਲੂ ਪ੍ਰਸ਼ੰਸਕਾਂ ਦੇ ਸਮਰਥਨ ਨਾਲ ਸਾਊਥ ਅਫਰੀਕਾ ਨੇ ਆਸਟਰੇਲੀਅਨ ਬੱਲੇਬਾਜ਼ਾਂ ਨੂੰ ਹੱਥ ਖੋਲ੍ਹਣ ਦਾ ਮੌਕਾ ਨਹੀਂ ਦਿੱਤਾ ਪਰ ਵੱਡੇ ਮੈਚ ਦੀ ਵੱਡੀ ਖਿਡਾਰਨ ਮੂਨੀ ਨੇ ਇਕੱਲੇ ਸੰਘਰਸ਼ ਕਰਦੇ ਹੋਏ ਆਪਣੀ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਮੂਨੀ 53 ਗੇਂਦਾਂ ‘ਤੇ 9 ਚੌਕਿਆਂ ਤੇ 1 ਛੱਕੇ ਨਾਲ 74 ਦੌੜਾਂ ਬਣਾ ਕੇ ਟੀ-20 ਵਰਲਡ ਕੱਪ ਫਾਈਨਲ ‘ਚ ਦੋ ਅਰਧ ਸੈਂਕੜੇ ਲਾਉਣ ਵਾਲੀ ਪਹਿਲੀ ਖਿਡਾਰਨ ਬਣ ਗਈ। ਟੀਚੇ ਦਾ ਪਿੱਛਾ ਕਰਦੇ ਹੋਏ ਵੁਲਫਾਰਟ ਨੇ ਅਰਧ ਸੈਂਕੜਾ ਲਾਇਆ ਹਾਲਾਂਕਿ ਕੋਈ ਵੀ ਹੋਰ ਸਾਊਥ ਅਫਰੀਕਨ ਬੱਲੇਬਾਜ਼ ਉਸ ਦਾ ਸਾਥ ਨਹੀਂ ਦੇ ਸਕੀ। ਵੁਲਫਾਰਟ ਨੇ 48 ਗੇਂਦਾਂ ‘ਤੇ 5 ਚੌਕਿਆਂ ਤੇ 3 ਛੱਕਿਆਂ ਦੇ ਨਾਲ 61 ਦੌੜਾਂ ਬਣਾਈਆਂ। ਪਾਰੀ ਦੇ 17ਵੇਂ ਓਵਰ ‘ਚ ਵੁਲਫਾਰਟ ਦੀ ਵਿਕਟ ਡਿੱਗਦੇ ਹੀ ਸਾਊਥ ਅਫਰੀਕਾ ਦੀਆਂ ਸਾਰੀਆਂ ਉਮੀਦਾਂ ਖਤਮ ਹੋ ਗਈਆਂ। ਹੁਣ ਤਕ ਆਯੋਜਿਤ 8 ਮਹਿਲਾ ਟੀ-20 ਵਰਲਡ ਕੱਪਾਂ ‘ਚ ਧਾਕੜ ਆਸਟਰੇਲੀਆ 7 ਵਾਰ ਫਾਈਨਲ ‘ਚ ਪਹੁੰਚਿਆ ਹੈ। ਆਸਟਰੇਲੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ ਸੀ ਪਰ ਸਲਾਮੀ ਬੱਲੇਬਾਜ਼ ਐਲਿਸਾ ਹੀਲੀ ਨੂੰ ਦੌੜਾਂ ਬਣਾਉਣ ਲਈ ਸੰਘਰਸ਼ ਕਰਨਾ ਪਿਆ। ਉਸ ਨੇ ਮੂਨੀ ਦੇ ਨਾਲ ਪਹਿਲੀ ਵਿਕਟ ਲਈ 36 ਦੌੜਾਂ ਜੋੜੀਆਂ ਹਾਲਾਂਕਿ ਉਹ ਖੁਦ 20 ਗੇਂਦਾਂ ‘ਤੇ 18 ਦੌੜਾਂ ਹੀ ਬਣਾ ਸਕੀ। ਹੀਲੀ ਦੀ ਵਿਕਟ ਡਿੱਗਦੇ ਹੀ ਮੂਨੀ ਤੇ ਐਸ਼ਲੇ ਗਾਰਡਨਰ ਨੇ ਮੋਰਚਾ ਸੰਭਾਲ ਕੇ ਆਸਟਰੇਲੀਅਨ ਪਾਰੀ ਦੀ ਰਫ਼ਤਾਰ ਵਧਾ ਦਿੱਤੀ। ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਉੱਤਰੀ ਗਾਰਡਨਰ ਨੇ ਤੇਜ਼ ਖੇਡਦੇ ਹੋਏ ਮੂਨੀ ਦੇ ਨਾਲ ਦੂਜੀ ਵਿਕਟ ਲਈ 46 ਦੌੜਾਂ ਦੀ ਸਾਂਝੇਦਾਰੀ ਕੀਤੀ। ਆਸਟਰੇਲੀਆ 11 ਓਵਰਾਂ ‘ਚ 79 ਦੌੜਾਂ ਬਣਾ ਕੇ ਵੱਡੇ ਸਕੋਰ ਵੱਲ ਵਧ ਰਿਹਾ ਸੀ ਪਰ ਸਾਊਥ ਅਫਰੀਕਾ ਨੇ 12ਵੇਂ ਓਵਰ ‘ਚ ਗਾਰਡਨਰ ਦੀ ਵਿਕਟ ਸੁੱਟ ਕੇ ਰਨ ਰੇਟ ‘ਤੇ ਰੋਕ ਲਾ ਦਿੱਤੀ। ਆਸਟਰੇਲੀਆ ਨੇ ਇਸ ਦੌਰਾਨ ਗ੍ਰੇਸ ਹੈਰਿਸ ਤੇ ਮੇਗ ਲੈਨਿੰਗ ਦੀ ਵਿਕਟ ਵੀ ਸਸਤੇ ‘ਚ ਗੁਆ ਦਿੱਤੀ ਪਰ ਮੂਨੀ ਨੇ ਆਪਣਾ ਹਮਲਾ ਜਾਰੀ ਰੱਖਿਆ। ਆਸਟਰੇਲੀਆ 17 ਓਵਰਾਂ ‘ਚ 122 ਦੌੜਾਂ ਹੀ ਬਣਾ ਸਕਿਆ ਸੀ ਪਰ ਮੂਨੀ ਨੇ ਆਖਰੀ ਓਵਰਾਂ ‘ਚ 34 ਦੌੜਾਂ ਜੋੜ ਕੇ ਆਪਣੀ ਟੀਮ ਨੂੰ 156 ਦੌੜਾਂ ਤੱਕ ਪਹੁੰਚਾਇਆ।