ਮਾਂਟਰੀਅਲ ਸ਼ਹਿਰ ਦੇ ਉੱਤਰ ‘ਚ ਸਥਿਤ ਲਾਵਲ ‘ਚ ਇਕ ਡੇਅ ਕੇਅਰ ਸੈਂਟਰ ‘ਚ ਬੱਸ ਦੇ ਦਾਖ਼ਲ ਹੋਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਸਿਟੀ ਬੱਸ ਬੁੱਧਵਾਰ ਸਵੇਰੇ 8।.30 ਵਜੇ ਦੇ ਕਰੀਬ ਸੇਂਟ-ਰੋਜ਼ ਡੇਅ-ਕੇਅਰ ‘ਚ ਦਾਖ਼ਲ ਹੋ ਗਈ। ਇਸ ਹਾਦਸੇ ਮਗਰੋਂ ਇਕ ਬੱਚੇ ਨੂੰ ਮੌਕੇ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ 7 ਹੋਰਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਕ ਹੋਰ ਬੱਚੇ ਦੀ ਮੌਤ ਹੋ ਗਈ। ਮਾਂਟਰੀਅਲ ਦੇ ਸਟੀ-ਜਸਟੀਨ ਚਿਲਡਰਨ ਹਸਪਤਾਲ ਦੇ ਬੁਲਾਰੇ ਮਾਰਕ ਗਿਰਾਰਡ ਨੇ ਕਿਹਾ ਕਿ ਹਾਦਸੇ ਤੋਂ ਬਾਅਦ 3 ਤੋਂ 5 ਸਾਲ ਦੀ ਉਮਰ ਦੇ 4 ਬੱਚਿਆਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ ਪਹੁੰਚਣ ‘ਤੇ ਦੋ ਮੁੰਡੇ ਅਤੇ ਦੋ ਕੁੜੀਆਂ ਹੋਸ਼ ‘ਚ ਸਨ। ਉਨ੍ਹਾਂ ਵਿੱਚੋਂ ਇਕ ਇੰਟੈਂਸਿਵ ਕੇਅਰ ਵਿੱਚ ਹੈ ਜਦਕਿ ਬਾਕੀਆਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। 51 ਸਾਲਾ ਡਰਾਈਵਰ ਨੂੰ ਕਥਿਤ ਤੌਰ ‘ਤੇ ਲਵਲ ਪੁਲੀਸ ਨੇ ਘਟਨਾ ਸਥਾਨ ‘ਤੇ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ 9 ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਜਿਸ ‘ਚ ਪਹਿਲੀ-ਡਿਗਰੀ ਕਤਲ ਦੇ 2 ਮਾਮਲੇ, ਕਤਲ ਦੀ ਕੋਸ਼ਿਸ਼, ਗੰਭੀਰ ਹਮਲੇ ਦੇ 2 ਮਾਮਲੇ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਵਾਲੇ ਹਥਿਆਰ ਨਾਲ ਹਮਲੇ ਦੇ ਚਾਰ ਮਾਮਲੇ ਸ਼ਾਮਲ ਹਨ। ਉਹ ਮਾਂਟਰੀਅਲ-ਏਰੀਆ ਹਸਪਤਾਲ ਤੋਂ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਇਆ। ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਡਰਾਈਵਰ ਨੂੰ 17 ਫਰਵਰੀ ਨੂੰ ਅਗਲੀ ਪੇਸ਼ੀ ਤੱਕ ਹਿਰਾਸਤ ‘ਚ ਰੱਖਿਆ ਜਾਵੇਗਾ। ਗੁਆਂਢ ‘ਚ ਰਹਿਣ ਵਾਲੇ ਅਤੇ ਹਾਦਸੇ ਦੇ ਗਵਾਹ ਹਮਦੀ ਬੇਨ ਚਾਬਾਨੇ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਬੱਸ 30 ਜਾਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਹੀ ਸੀ, ਜਦੋਂ ਇਹ ਡੇਅ-ਕੇਅਰ ‘ਚ ਦਾਖ਼ਲ ਹੋਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਊਸ ਆਫ ਕਾਮਨਜ਼ ‘ਚ ਕਿਹਾ, ‘ਮੈਂ ਕਲਪਨਾ ਨਹੀਂ ਕਰ ਸਕਦਾ ਕਿ ਮਾਰੇ ਗਏ ਬੱਚਿਆਂ ਦੇ ਪਰਿਵਾਰ ਅਤੇ ਅਸਲ ‘ਚ ਜੋ ਗੰਭੀਰ ਰੂਪ ‘ਚ ਜ਼ਖਮੀ ਹੋਏ ਹਨ, ਇਸ ਸਮੇਂ ਕਿਸ ਤਰ੍ਹਾਂ ਦੇ ਹਾਲਾਤ ਵਿੱਚੋਂ ਗੁਜ਼ਰ ਰਹੇ ਹਨ। ਮੈਂ ਜਾਣਦਾ ਹਾਂ ਕਿ ਉਨ੍ਹਾਂ ਮਾਪਿਆਂ ਲਈ ਕੋਈ ਸ਼ਬਦ ਨਹੀਂ ਹਨ ਜਿਨ੍ਹਾਂ ਨੇ ਇਸ ਤਰ੍ਹਾਂ ਆਪਣੇ ਬੱਚੇ ਗੁਆ ਦਿੱਤੇ ਹਨ। ਅਸੀਂ ਉਨ੍ਹਾਂ ਦਾ ਸਮਰਥਨ ਕਰਨ ਲਈ ਜੋ ਵੀ ਕਰ ਸਕਦੇ ਹਾਂ ਉਹ ਕਰਾਂਗੇ।’