ਦਿੱਲੀ ਕੈਪੀਟਲ ਨੇ ਮਹਿਲਾ ਪ੍ਰੀਮੀਅਰ ਲੀਗ ਦੇ ਇਕ ਮੈਚ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 60 ਦੌੜਾਂ ਨਾਲ ਹਰਾ ਸ਼ਾਨਦਾਰ ਸ਼ੁਰੂਆਤ ਕੀਤੀ। ਕਪਤਾਨ ਮੈਗ ਲੈਨਿੰਗ (72) ਤੇ ਸ਼ੈਫਾਲੀ ਵਰਮਾ (84) ਦੇ ਧਮਾਕੇਦਾਰ ਅਰਧ ਸੈਂਕੜਿਆਂ ਤੋਂ ਬਾਅਦ ਤਾਰਾ ਨੌਰਿਸ (29 ਦੌੜਾਂ ‘ਤੇ 5 ਵਿਕਟਾਂ) ਦੇ ਪੰਜੇ ਦੀ ਬਦੌਲਤ ਇਹ ਜਿੱਤ ਸੰਭਵ ਹੋਈ। ਲੈਨਿੰਗ-ਸ਼ੈਫਾਲੀ ਦੀ ਸਲਾਮ ਜੋੜੀ ਨੇ ਪਹਿਲੀ ਵਿਕਟ ਲਈ ਤਾਬੜਤੋੜ 162 ਦੌੜਾਂ ਦੀ ਸਾਂਝੇਦਾਰੀ ਕਰਕੇ ਇਸ ਜਿੱਤ ਦੀ ਨੀਂਹ ਰੱਖੀ। ਸ਼ੈਫਾਲੀ ਨੇ 45 ਗੇਂਦਾਂ ‘ਤੇ 10 ਚੌਕਿਆ ਤੇ 4 ਛੱਕਿਆਂ ਦੇ ਨਾਲ 84 ਦੌੜਾਂ ਬਣਾਈਆਂ, ਜਦਕਿ ਲੈਨਿੰਗ ਨੇ 43 ਗੇਂਦਾਂ ‘ਤੇ 14 ਚੌਕਿਆਂ ਨਾਲ 72 ਦੌੜਾਂ ਦੀ ਕਪਤਾਨੀ ਪਾਰੀ ਖੇਡੀ। ਦੋਵਾਂ ਸਲਾਮੀ ਬੱਲੇਬਾਜ਼ਾਂ ਦੇ ਪੈਵੇਲੀਅਨ ਪਰਤਣ ਤੋਂ ਬਾਅਦ ਮਾਰਿਜਾਨੇ ਕਾਪ (ਅਜੇਤੂ 39) ਤੇ ਜੇਮਿਮਾ ਰੋਡ੍ਰਿਗੇਜ਼ (ਅਜੇਤੂ 22) ਨੇ ਦਿੱਲੀ ਨੂੰ ਵੱਡੇ ਸਕੋਰ ਤਕ ਪਹੁੰਚਾਇਆ। ਟੀਚੇ ਦਾ ਪਿੱਛਾ ਕਰਦੇ ਹੋਏ ਕਪਤਾਨ ਸਮ੍ਰਿਤੀ ਮੰਧਾਨਾ ਨੇ ਬੈਂਗਲੁਰੂ ਨੂੰ ਤੇਜ਼ ਸ਼ੁਰੂਆਤ ਦਿਵਾਈ ਹਾਲਾਂਕਿ ਉਸਦੀ ਵਿਕਟ ਡਿੱਗਣ ਤੋਂ ਬਾਅਦ ਟੀਮ ਮੈਚ ‘ਚੋਂ ਬਾਹਰ ਹੁੰਦੀ ਚਲੀ ਗਈ। ਸਮ੍ਰਿਤੀ ਨੇ 23 ਗੇਂਦਾਂ ‘ਚ 5 ਚੌਕਿਆਂ ਤੇ ਇਕ ਛੱਕੇ ਦੇ ਨਾਲ 35 ਦੌੜਾਂ ਬਣਾਈਆਂ ਜਦਕਿ ਐਲਿਸ ਪੈਰੀ ਨੇ ਵਿਚਾਲੇ ਦੇ ਓਵਰਾਂ ‘ਚ ਸੰਘਰਸ਼ ਕਰਦੇ ਹੋਏ 19 ਗੇਂਦਾਂ ‘ਤੇ 5 ਚੌਕਿਆਂ ਦੇ ਨਾਲ 31 ਦੌੜਾਂ ਦੀ ਪਾਰੀ ਖੇਡੀ। ਅਮਰੀਕਾ ਦੀ ਤਾਰਾ ਨੌਰਿਸ ਨੇ ਬੈਂਗਲੁਰੂ ਦੀ ਬੱਲੇਬਾਜ਼ੀ ਦੀ ਕਮਰ ਤੋੜਦੇ ਹੋਏ 4 ਓਵਰਾਂ ‘ਚ 29 ਦੌੜਾਂ ਕੇ 5 ਵਿਕਟਾਂ ਲਈਆਂ। ਐਲਿਸੇ ਕੈਪਸੀ ਨੇ 2, ਜਦਕਿ ਸ਼ਿਖਾ ਪਾਂਡੇ ਨੇ 1 ਵਿਕਟ ਲਈ। ਇਸ ਤੋਂ ਇਲਾਵਾ ਹੀਥਰ ਨਾਈਟ ਨੇ 34 ਤੇ ਮੇਗਨ ਸ਼ੱਟ ਨੇ ਅਜੇਤੂ 30 ਦੌੜਾਂ ਦਾ ਯੋਗਦਾਨ ਦਿੱਤਾ। ਹਾਲਾਂਕਿ ਇਸ ਸਮੇਂ ਤਕ ਬੈਂਗਲੁਰੂ ਮੈਚ ‘ਚੋਂ ਬਾਹਰ ਹੋ ਚੁੱਕੀ ਸੀ। ਬੈਂਗਲੁਰੂ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ ਪਰ ਲੈਨਿੰਗ ਤੇ ਸ਼ੈਫਾਲੀ ਦੀ ਜੋੜੀ ਨੇ ਜਲਦ ਹੀ ਉਸ ਦੇ ਫੈਸਲੇ ਨੂੰ ਗਲਤ ਸਾਬਤ ਕਰ ਦਿੱਤਾ। ਦੋਵਾਂ ਨੇ ਪਾਵਰਪਲੇਅ ਦਾ ਲਾਭ ਚੁੱਕਦੇ ਹੋਏ ਪਹਿਲੇ 6 ਓਵਰਾਂ ‘ਚ ਤਾਬੜਤੋੜ ਬੱਲੇਬਾਜ਼ੀ ਦੀ ਬਦੌਲਤ 57 ਦੌੜਾਂ ਜੋੜ ਲਈਆਂ। ਪਾਵਰਪਲੇਅ ਦੇ ਦੋ ਓਵਰਾਂ ਤਕ ਬੈਂਗਲੁਰੂ ਨੇ ਦਿੱਲੀ ਦੀਆਂ ਸਲਾਮੀ ਬੱਲੇਬਾਜ਼ਾਂ ਨੂੰ ਸ਼ਾਂਤ ਰੱਖਿਆ ਪਰ ਸ਼ੈਫਾਲੀ ਨੇ 9ਵੇਂ ਓਵਰ ‘ਚ ਆਪਣੇ ਹੱਥ ਖੋਲ੍ਹੇ ਕੇ 22 ਦੌੜਾਂ ਬਣਾਈਆਂ। ਉਸ ਨੇ ਅਗਲੇ ਓਵਰ ‘ਚ ਮੇਗਨ ਸ਼ੱਟ ਦੀ ਗੇਂਦ ‘ਤੇ ਇਕ ਦੌੜ ਲੈ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਤੇ ਟੀਮ ਨੂੰ 100 ਦੌੜਾਂ ਤਕ ਵੀ ਪਹੁੰਚਾਇਆ। ਲੈਨਿੰਗ ਨੇ ਵੀ ਅਗਲੇ ਓਵਰ ‘ਚ ਚੌਕਾ ਲਾ ਕੇ ਆਪਣੀਆਂ 50 ਦੌੜਾਂ ਪੂਰੀਆਂ ਕੀਤੀਆਂ। ਲੈਨਿੰਗ ਤੇ ਸ਼ੈਫਾਲੀ ਨੇ 14 ਓਵਰਾਂ ‘ਚ ਹੀ ਦਿੱਲੀ ਨੂੰ 150 ਦੌੜਾਂ ਦੇ ਪਾਰ ਪਹੁੰਚਾ ਦਿੱਤਾ। ਬੈਂਗਲੁਰੂ ਨੂੰ ਦਿੱਲੀ ਦੀ ਰਫਤਾਰ ਘੱਟ ਕਰਨ ਲਈ ਵਿਕਟ ਦੀ ਸਖਤ ਲੋੜ ਸੀ, ਜਿਹੜੀ ਉਸ ਸਮੇਂ ਹੀਥਰ ਨਾਈਟ ਨੇ ਦਿਵਾਈ। ਨਾਈਟ ਨੇ 15ਵੇਂ ਓਵਰ ‘ਚ ਲੈਨਿੰਗ ਤੇ ਸ਼ੈਫਾਲੀ ਦੋਵਾਂ ਨੂੰ ਪੈਵੇਲੀਅਨ ਭੇਜ ਦਿੱਤਾ ਪਰ ਇਸ ਤੋਂ ਬਾਅਦ ਵੀ ਦਿੱਲੀ ਦੀ ਰਨ ਰੇਟ ਨਹੀਂ ਰੁਕੀ। ਕਾਪ ਤੇ ਰੋਡ੍ਰਿਗੇਜ਼ ਨੇ ਤੀਜੀ ਵਿਕਟ ਲਈ 31 ਗੇਦਾਂ ‘ਤੇ 60 ਦੌੜਾਂ ਜੋੜਦੇ ਹੋਏ ਟੀਮ ਨੂੰ 223/2 ਦੇ ਸਕੋਰ ਤਕ ਪਹੁੰਚਾਇਆ। ਕਾਪ ਨੇ 17 ਗੇਂਦਾਂ ‘ਚ 3 ਚੌਕਿਆਂ ਤੇ 3 ਛੱਕਿਆਂ ਦੇ ਨਾਲ 22 ਦੌੜਾਂ ਦੀ ਅਜੇਤੂ ਪਾਰੀ ਖੇਡੀ।