ਦਸ ਦਿਨ ਪਹਿਲਾਂ ਵਿਦਿਆਰਥੀ ਵੀਜ਼ੇ ‘ਤੇ ਅਮਰੀਕਾ ਪੁੱਜੇ ਆਂਧਰਾ ਪ੍ਰਦੇਸ਼ ਦੇ ਨੌਜਵਾਨ ਦੀ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰਨ ਦੀ ਖ਼ਬਰ ਹਾਲੇ ਚੱਲ ਹੀ ਰਹੀ ਸੀ ਕਿ ਅਮਰੀਕਾ ‘ਚ ਭਾਰਤੀ ਮੂਲ ਦੇ ਇਕ ਹੋਰ ਵਿਅਕਤੀ ਦੀ ਹੱਤਿਆ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ‘ਚ ਤਿੰਨ ਨਕਾਬਪੋਸ਼ ਹਮਲਾਵਰਾਂ ਨੇ 52 ਸਾਲਾ ਇੰਡੋ-ਅਮਰੀਕਨ ਨੂੰ ਗੋਲੀ ਮਾਰ ਦਿੱਤੀ ਜਿਸ ‘ਚ ਉਸ ਦੀ ਮੌਤ ਹੋ ਗਈ। ਇਸ ਹਮਲੇ ‘ਚ ਮ੍ਰਿਤਕ ਦੀ ਪਤਨੀ ਅਤੇ ਧੀ ਜ਼ਖਮੀ ਹੋ ਗਈਆਂ। ਜਾਰਜੀਆ ‘ਚ ਘਟਨਾ ਬੀਤੇ ਦਿਨੀਂ ਹਾਰਟਲੇ ਬ੍ਰਿਜ ਰੋਡ ਨੇੜੇ ਥਰੋਬ੍ਰੇਡ ਲੇਨ ‘ਤੇ ਵਾਪਰੀ। ਬਿਬ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਕਿਹਾ ਕਿ ਪਿਨਾਲ ਪਟੇਲ (52) ਅਤੇ ਉਨ੍ਹਾਂ ਦਾ ਪਰਿਵਾਰ ਜਦੋਂ ਕੰਮ ਤੋਂ ਘਰ ਪਹੁੰਚੇ ਤਾਂ ਇਸ ਦੌਰਾਨ ਉਨ੍ਹਾਂ ਦਾ ਸਾਹਮਣਾ 3 ਹਥਿਆਰਬੰਦ ਨਕਾਬਪੋਸ਼ ਵਿਅਕਤੀਆਂ ਨਾਲ ਹੋਇਆ। ਪਟੇਲ ਨੇ ਤਿੰਨਾਂ ਦਾ ਵਿਰੋਧ ਕੀਤਾ ਤਾਂ ਨਕਾਬਪੋਸ਼ਾਂ ਨੇ ਪਰਿਵਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਬਿਆਨ ‘ਚ ਕਿਹਾ ਗਿਆ ਹੈ ਕਿ ਘਟਨਾ ‘ਚ ਪਿਨਾਲ, ਉਨ੍ਹਾਂ ਦੀ ਪਤਨੀ ਰੂਪਲਬੇਨ ਪਟੇਲ ਅਤੇ ਧੀ ਭਗਤੀ ਪਟੇਲ ਜ਼ਖ਼ਮੀ ਹੋ ਗਏ। ਤਿੰਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਪਿਨਾਲ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਰੂਪਲਬੇਨ ਅਤੇ ਉਨ੍ਹਾਂ ਦੀ ਧੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਹਮਲਾਵਰ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਯਾਦ ਰਹੇ ਕਿ ਸ਼ਿਕਾਗੋ ‘ਚ ਐਤਵਾਰ ਨੂੰ ਇਕ ਹਥਿਆਰਬੰਦ ਡਕੈਤੀ ਦੌਰਾਨ ਗੋਲੀ ਲੱਗਣ ਕਾਰਨ ਇਕ 23 ਸਾਲਾ ਭਾਰਤੀ ਵਿਦਿਆਰਥੀ ਦੇਵਸ਼ੀਸ਼ ਨੰਦੇਪੂ ਦੀ ਮੌਤ ਹੋ ਗਈ ਸੀ ਜਦੋਂ ਕਿ ਉਸ ਦਾ ਦੋਸਤ ਕੇ ਸਾਈ ਚਰਨ ਜ਼ਖ਼ਮੀ ਹੋ ਗਿਆ ਸੀ ਅਤੇ ਉਹ ਹਸਪਤਾਲ ‘ਚ ਜ਼ੇਰੇ ਇਲਾਜ ਹੈ।