ਨਾਰਕੋਟਿਕਸ ਕੰਟਰੋਲ ਬਿਊਰੋ ਚੰਡੀਗੜ੍ਹ ਦੀ ਟੀਮ ਨੇ ਪੰਜਾਬ ‘ਚ ਨਸ਼ਾ ਤਸਕਰ ਅਕਸ਼ੈ ਛਾਬੜਾ ਦੀ ਕੰਪਨੀ ‘ਤੇ ਵੱਡੀ ਕਾਰਵਾਈ ਕਰਦਿਆਂ ਸ਼ਰਾਬ ਠੇਕਾ ਕੰਪਨੀ ਏ.ਐੱਸ. ਐਂਡ ਕੰਪਨੀ ਦੇ ਸੂਬੇ ‘ਚ ਵੱਖ ਵੱਖ ਥਾਈਂ ਸਥਿਤ 80 ਠੇਕੇ ਸੀਲ ਕਰਵਾ ਦਿੱਤੇ ਹਨ। ਸੂਤਰਾਂ ਅਨੁਸਾਰ ਅਕਸ਼ੈ ਛਾਬੜਾ ਦੀ ਇਸ ਕੰਪਨੀ ‘ਚ ਹੈਰੋਇਨ ਤਸਕਰੀ ਦੇ ਮਾਮਲੇ ‘ਚ ਐੱਨ.ਸੀ.ਬੀ. ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸ਼ਰਾਬ ਠੇਕੇਦਾਰ ਦੀ 25 ਫੀਸਦ ਤੋਂ ਵੱਧ ਦੀ ਹਿੱਸੇਦਾਰੀ ਸੀ। ਜਾਣਕਾਰੀ ਅਨੁਸਾਰ ਐੱਨ.ਸੀ.ਬੀ. ਵੱਲੋਂ 15 ਨਵੰਬਰ ਨੂੰ ਲੁਧਿਆਣਾ ਦੇ ਦੁੱਗਰੀ ਫਲਾਈਓਵਰ ਤੋਂ ਸੰਦੀਪ ਸਿੰਘ ਉਰਫ਼ ਦੀਪੂ ਨਾਂ ਦੇ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਦੇ ਕਬਜ਼ੇ ‘ਚੋਂ 20 ਕਿੱਲੋ ਤੋਂ ਜ਼ਿਆਦਾ ਹੈਰੋਇਨ ਬਰਾਮਦ ਹੋਈ ਸੀ। ਪੁੱਛ-ਪੜਤਾਲ ਦੌਰਾਨ ਸੰਦੀਪ ਸਿੰਘ ਨੇ ਦੱਸਿਆ ਸੀ ਕਿ ਉਹ ਸ਼ਰਾਬ ਠੇਕੇਦਾਰ ਦੇ ਲੜਕੇ ਅਕਸ਼ੈ ਛਾਬੜਾ ਦਾ ਡਰਾਈਵਰ ਹੈ ਤੇ ਇਹ ਸਾਰਾ ਸਾਮਾਨ ਵੀ ਅਕਸ਼ੈ ਦਾ ਹੀ ਹੈ। ਜਾਂਚ ਦੌਰਾਨ ਐੱਨ.ਸੀ.ਬੀ. ਨੂੰ ਸੂਹ ਮਿਲੀ ਕਿ ਮੁਲਜ਼ਮ ਜੈਪੁਰ ਕੌਮਾਂਤਰੀ ਏਅਰਪੋਰਟ ਤੋਂ ਫ਼ਰਾਰ ਹੋਣ ਦੀ ਤਿਆਰੀ ‘ਚ ਹੈ। ਇਸ ਮਗਰੋਂ ਐੱਨ.ਸੀ.ਬੀ. ਦੀ ਟੀਮ ਨੇ ਤੁਰੰਤ ਅਕਸ਼ੈ ਛਾਬੜਾ ਨੂੰ ਗ੍ਰਿਫ਼ਤਾਰ ਕਰ ਲਿਆ। ਸੂਤਰਾਂ ਅਨੁਸਾਰ ਐੱਨ.ਸੀ.ਬੀ. ਦੀ ਟੀਮ ਨੇ ਮੁਲਜ਼ਮ ਕੋਲੋਂ ਨਸ਼ੀਲੇ ਪਾਊਡਰ ਸਣੇ ਵਿਦੇਸ਼ੀ ਡਰੱਗ ਤੇ ਹੋਰ ਪਾਬੰਦੀਸ਼ੁਦਾ ਸਾਮਾਨ ਵੀ ਬਰਾਮਦ ਕੀਤਾ ਸੀ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਅਕਸ਼ੈ ਛਾਬੜਾ ਦੀ ਇੰਟਰਨੈਸ਼ਨਲ ਡਰੱਗ ਤਸਕਰਾਂ ਨਾਲ ਗੂੜੀ ਸਾਂਝ ਹੈ ਤੇ ਵਿਦੇਸ਼ ਜਾ ਕੇ ਉਸ ਨੇ ਇੰਡੀਆ ਦੇ ਵੱਖ-ਵੱਖ ਸੂਬਿਆਂ ‘ਚ ਵੱਡੀ ਗਿਣਤੀ ‘ਚ ਹੈਰੋਇਨ ਭੇਜਣੀ ਸੀ। ਐੱਨ.ਸੀ.ਬੀ. ਵੱਲੋਂ ਜਿਸ ਕੰਪਨੀ ਦੇ ਠੇਕੇ ਸੀਲ ਕਰਵਾਏ ਗਏ ਹਨ, ਉਸ ‘ਚ ਅਕਸ਼ੈ ਛਾਬੜਾ ਸਣੇ ਕਈ ਹਿੱਸੇਦਾਰ ਸ਼ਾਮਲ ਹਨ, ਜਿਨ੍ਹਾਂ ‘ਚ ਸ਼ਹਿਰ ਦੇ ਕਈ ਰਸੂਖਦਾਰ ਵੀ ਸ਼ਾਮਲ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਠੇਕੇਦਾਰਾਂ ਦੀ ਕਈ ਸਿਆਸੀ ਆਗੂਆਂ ਨਾਲ ਵੀ ਚੰਗੇ ਸੰਪਰਕ ਹਨ।