ਸੈਨਹੋਜੇ (ਅਮਰੀਕਾ) ਦੇ ਵਾਲਮਾਰਟ ਦੀ ਪਾਰਕਿੰਗ ‘ਚ ਆਪਣੀ ਨੂੰਹ ਨੂੰ ਗੋਲੀ ਮਾਰ ਕੇ ਜਾਨੋ ਮਾਰਨ ਦੇ ਦੋਸ਼ ‘ਚ 74 ਸਾਲਾ ਸਹੁਰੇ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਫਰਿਜ਼ਨੋ ਦਾ ਰਹਿਣ ਵਾਲਾ ਸੀਤਲ ਸਿੰਘ ਦੁਸਾਂਝ ਹੁਣ ਜੇਲ੍ਹ ‘ਚ ਬੰਦ ਹੈ। ਸਹੁਰੇ ਨੇ ਇਸ ਕਤਲ ਦੀ ਵਾਰਦਾਤ ਨੂੰ ਉਥੇ ਅੰਜਾਮ ਦਿੱਤਾ ਜਿੱਥੇ ਉਸਦੀ ਨੂੰਹ ਕੰਮ ਕਰਦੀ ਸੀ। ਆਪਣੇ ਬੇਟੇ ਨੂੰ ਤਲਾਕ ਦੇਣ ਦੀ ਯੋਜਨਾ ‘ਤੇ ਗੁੱਸੇ ‘ਚ ਉਸ ਨੇ ਔਰਤ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸੀਤਲ ਸਿੰਘ ਦੁਸਾਂਝ ‘ਤੇ ਪੁਲਸ ਨੇ ਆਪਣੀ ਨੂੰਹ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ‘ਚ ਕਤਲ ਦੇ ਦੋਸ਼ ਲਗਾਏ ਹਨ। ਇਹ ਕਤਲ ਬੀਤੇ ਦਿਨੀ 30 ਸਤੰਬਰ ਨੂੰ ਅਲਮਾਡੇਨ ਦੇ ਨੇੜੇ ਵਾਲਮਾਰਟ ਨਾਂ ਦੇ ਸਟੋਰ ਦੀ ਪਾਰਕਿੰਗ ਲਾਟ ‘ਚ ਹੋਇਆ ਸੀ। ਸੀਤਲ ਸਿੰਘ ਦੁਸਾਂਝ ਦੀ ਗ੍ਰਿਫ਼ਤਾਰੀ ਦੀ ਅਗਵਾਈ ਕਰਨ ਵਾਲੀ ਪੁਲੀਸ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਸ ਨੂੰ ਮਾਰਨ ਲਈ ਉਸ ਦੇ ਸਹੁਰੇ ਸੀਤਲ ਸਿੰਘ ਦੁਸਾਂਝ ਨੇ 150 ਮੀਲ ਦਾ ਸਫ਼ਰ ਕੀਤਾ ਸੀ। ਉਸ ਵੱਲੋਂ ਮਾਰੀ ਗਈ ਆਪਣੀ ਨੂੰਹ ਜਿਸ ਦਾ ਨਾਂ ਗੁਰਪ੍ਰੀਤ ਕੌਰ ਦੁਸਾਂਝ ਸੀ, ਦੀ ਮੌਤ ਬਾਰੇ ਵਾਲਮਾਰਟ ਦੇ ਇਕ ਸਹਿਕਰਮੀ ਨੇ ਉਸ ਦੀ ਲਾਸ਼ ਪਾਰਕਿੰਗ ਲਾਟ ‘ਚ ਇਕ ਕਾਰ ‘ਚ ਪਈ ਦੇਖੀ, ਜੋ ਘੱਟੋ-ਘੱਟ ਦੋ ਗੋਲੀਆਂ ਦੇ ਜ਼ਖ਼ਮਾਂ ਤੋਂ ਪੀੜਤ ਸੀ। ਉਸ ਨੂੰ ਘਟਨਾ ਸਥਾਨ ‘ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ। ਅਗਲੀ ਸਵੇਰ ਨੂੰ ਸੀਤਲ ਸਿੰਘ ਦੁਸਾਂਝ ਨੂੰ ਫਰਿਜ਼ਨੋ ‘ਚ ਉਸਦੇ ਘਰ ਤੋਂ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਸਾਂਤਾ ਕਲਾਰਾ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਦਫ਼ਤਰ ਵੱਲੋਂ ਦਰਜ ਕੀਤੇ ਗਏ ਕਤਲ ਦੇ ਦੋਸ਼ਾਂ ਦੇ ਨਾਲ ਇਕ ਪੁਲੀਸ ਤਫ਼ਤੀਸ਼ੀ ਅਨੁਸਾਰ ਰਿਹਾਇਸ਼ ਦੀ ਤਲਾਸ਼ੀ ਦੇ ਦੌਰਾਨ ਪੁਲੀਸ ਨੇ ਇਕ .22 ਕੈਲੀਬਰ ਬੇਰੇਟਾ ਪਿਸਤੌਲ ਵੀ ਬਰਾਮਦ ਕੀਤਾ ਹੈ। ਇਕ ਹੋਰ ਖ਼ਬਰ ਅਨੁਸਾਰ ਕਤਲ ਤੋਂ ਐਨ ਪਹਿਲਾਂ ਡਰੀ ਤੇ ਸਹਿਮੀ ਗੁਰਪ੍ਰੀਤ ਕੌਰ ਆਪਣੇ ਕਿਸੇ ਰਿਸ਼ਤੇਦਾਰ ਨਾਲ ਫੋਨ ‘ਤੇ ਗੱਲ ਕਰ ਰਹੀ ਸੀ ਅਤੇ ਉਹ ਦੱਸ ਰਹੀ ਸੀ ਕਿ ਉਸ ਦਾ ਸਹੁਰਾ ਉਸ ਨੂੰ ਮਾਰਨ ਲਈ ਲੱਭ ਰਿਹਾ ਹੈ। ਫੋਨ ਤੋਂ ਪੰਜ ਘੰਟੇ ਬਾਅਦ ਵਾਲਮਾਰਟ ਦੇ ਕਰਮਚਾਰੀ ਨੇ ਗੁਰਪ੍ਰੀਤ ਕੌਰ ਦੀ ਲਾਸ਼ ਉਸੇ ਪਾਰਕਿੰਗ ‘ਚ ਕਾਰ ‘ਚ ਦੇਖੀ।