ਪੰਜਾਬ ‘ਚ ਭਾਰਤ ਜੋੜੋ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਅਤੇ ਆਸ਼ੀਰਵਾਦ ਲੈਣ ਪੁੱਜੇ। ਰਾਹੁਲ ਗਾਂਧੀ ਜਹਾਜ਼ ਰਾਹੀਂ ਅੰਮ੍ਰਿਤਸਰ ਪਹੁੰਚੇ ਤੇ ਦੋ ਵਜੇ ਦੇ ਕਰੀਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਏ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਵਿਧਾਨ ਸਭਾ ‘ਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਮੌਜੂਦ ਸਨ। ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਰਾਹੁਲ ਗਾਂਧੀ ਅੰਬਾਲਾ ਵਾਪਸ ਪਰਤ ਗਏ ਜਿਥੋਂ ਉਨ੍ਹਾਂ ਭਾਰਤ ਜੋੜੋ ਯਾਤਰਾ ਦੇ ਅਗਲੇ ਪੜਾਅ ਲਈ ਸਫ਼ਰ ਸ਼ੁਰੂ ਕਰਨਾ ਹੈ। ਉਹ ਇਹ ਯਾਤਰਾ ਲੈ ਕੇ ਭਲਕੇ 11 ਜਨਵਰੀ ਦੀ ਸਵੇਰ ਨੂੰ ਦਿੱਲੀ-ਅੰਮ੍ਰਿਤਸਰ ਹਾਈਵੇ ‘ਤੇ ਸ਼ੰਭੂ ਬੈਰੀਅਰ ਤੋਂ ਪੰਜਾਬ ‘ਚ ਦਾਖਲ ਹੋਣਗੇ। ਰਾਹੁਲ ਪਹਿਲੀ ਰਾਤ ਸਰਹਿੰਦ ਸਰਹਿੰਦ ਵਿਖੇ ਰੁਕਣਗੇ ਜਿਸ ਤੋਂ ਬਾਅਦ ਅਗਲੇ ਦਿਨ ਸਵੇਰੇ ਵੇਲੇ ਰਾਹੁਲ ਗਾਂਧੀ ਪਾਵਨ ਸ਼ਹੀਦੀ ਅਸਥਾਨ ਗੁਰੂਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਦਰਸ਼ਨ ਕਰਨਗੇ ਜਿੱਥੇ ਨਤਮਸਤਕ ਹੋਣ ਤੋਂ ਬਾਅਦ ਉਹ ਸਵੇਰੇ 7 ਵਜੇ ਸਰਹਿੰਦ ਦੀ ਨਵੀਂ ਅਨਾਜ ਮੰਡੀ ਵਿਖੇ ਭਾਰਤ ਜੋੜੋ ਯਾਤਰਾ ਨਾਲ ਜੁੜ ਰਹੇ ਯਾਤਰੀਆਂ, ਪਾਰਟੀ ਵਰਕਰਾਂ ਅਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਨਗੇ, ਜਿਸ ਉਪਰੰਤ ਭਾਰਤ ਜੋੜੋ ਯਾਤਰਾ ਮੰਡੀ ਗੋਬਿੰਦਗੜ੍ਹ-ਖੰਨਾ ਵਿਖੇ ਜਾਣ ਲਈ ਰਵਾਨਾ ਹੋਵੇਗੀ। ਰਾਹੁਲ ਗਾਂਧੀ ਦੇ ਅੰਮ੍ਰਿਤਸਰ ਆਉਣ ਸਮੇਂ ਪੁਲੀਸ ਨੇ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਰਾਹੁਲ ਗਾਂਧੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਕਰਮਾ ਕੀਤੀ ਅਤੇ ਗੁਰਬਾਣੀ ਕੀਰਤਨ ਸੁਣਿਆ। ਉਨ੍ਹਾਂ ਕੜਾਹ ਪ੍ਰਸ਼ਾਦ ਦੀ ਦੇਗ਼ ਵੀ ਭੇਟ ਕੀਤੀ ਅਤੇ ਵਾਪਸੀ ਵੇਲੇ ਸ੍ਰੀ ਅਕਾਲ ਤਖ਼ਤ ਦੇ ਸਨਮੁੱਖ ਖੜ੍ਹੇ ਹੋ ਕੇ ਮੱਥਾ ਟੇਕਿਆ। ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਰਾਹੁਲ ਗਾਂਧੀ ਨੂੰ ਸਿਰੋਪਾਓ ਬਖਸ਼ਿਸ਼ ਕੀਤਾ ਗਿਆ। ਉਨ੍ਹਾਂ ਮੀਡੀਆ ਨਾਲ ਕੋਈ ਵੀ ਗਰਲ ਕਰਨ ਤੋਂ ਪੂਰੀ ਤਰ੍ਹਾਂ ਗੁਰੇਜ਼ ਕੀਤਾ।