ਅਮਰੀਕਾ ‘ਚ ਇਕ ਪੰਜ ਸਾਲ ਦੇ ਬੱਚੇ ਵੱਲੋਂ ਬੰਦੂਕ ਚਲਾਉਣ ਨਾਲ ਉਸ ਦੇ 16 ਮਹੀਨੇ ਦੇ ਭਰਾ ਦੀ ਮੌਤ ਹੋਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਉੱਤਰੀ-ਪੱਛਮੀ ਇੰਡੀਆਨਾ ‘ਚ 5 ਸਾਲਾ ਬੱਚੇ ਨੂੰ ਕਥਿਤ ਤੌਰ ‘ਤੇ ਆਪਣੇ ਘਰ ‘ਚ ਇਕ ਬੰਦੂਕ ਮਿਲੀ ਜਿਸ ਨੂੰ ਉਸਨੇ ਚਲਾ ਦਿੱਤਾ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਕੈਪਟਨ ਬ੍ਰਾਇਨ ਫਿਲੀਪਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਨੂੰ ਵਾਪਰੀ। ਲਾਫਾਏਟ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲੀਸ ਨੇ ਦੱਸਿਆ ਕਿ ਘਟਨਾ ਦੇ ਸਮੇਂ ਦੋਵੇਂ ਬੱਚੇ ਅਪਾਰਟਮੈਂਟ ‘ਚ ਸਨ। 5 ਸਾਲਾ ਬੱਚੇ ਨੂੰ ਇਕ ਬੰਦੂਕ ਮਿਲੀ ਅਤੇ ਉਸ ਨੇ ਆਪਣੇ ਭਰਾ ‘ਤੇ ਚਲਾ ਦਿੱਤੀ। ਉਨ੍ਹਾਂ ਨੇ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਹਥਿਆਰ ਕਿਸ ਦਾ ਸੀ। ਟਿਪੇਕੇਨੋ ਕਾਉਂਟੀ ਕੋਰੋਨਰ ਕੈਰੀ ਕੋਸਟੇਲੋ ਨੇ ਦੱਸਿਆ ਕਿ ਬੁੱਧਵਾਰ ਨੂੰ 16 ਮਹੀਨੇ ਦੇ ਬੱਚੇ ਦਾ ਪੋਸਟਮਾਰਟਮ ਕੀਤਾ ਗਿਆ ਜਿਸ ‘ਚ ਪਤਾ ਲੱਗਾ ਕਿ ਬੱਚੇ ਨੂੰ ਇਕ ਹੀ ਗੋਲੀ ਲੱਗੀ ਸੀ ਪਰ ਉਸ ਦੀ ਮੌਤ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ।