ਮਿਸੀਸਾਗਾ ਦੇ ਪੈਟਰੋ ਗੈਸ ਸਟੇਸ਼ਨ ‘ਤੇ ਗੋਲੀਆਂ ਮਾਰ ਕੇ ਕਤਲ ਕੀਤੀ ਗਈ ਬਰੈਂਪਟਨ ਰਹਿੰਦੀ 21 ਸਾਲਾ ਪਵਨਪ੍ਰੀਤ ਕੌਰ ਦੀ ਦੇਹ ਜਦੋਂ ਉਸ ਦੇ ਜੱਦੀ ਪਿੰਡ ਕੁਲਾਹੜ (ਲੁਧਿਆਣਾ) ਪੁੱਜੀ ਤਾਂ ਮਾਹੌਲ ਪੂਰੀ ਤਰ੍ਹਾਂ ਗ਼ਮਗੀਨ ਹੋ ਗਿਆ। ਪਵਨਪ੍ਰੀਤ ਕੌਰ ਦੇ ਮਾਪਿਆਂ ਤੇ ਹੋਰ ਰਿਸ਼ਤੇਦਾਰਾਂ ਦਾ ਹਾਲ ਬੇਹਾਲ ਸੀ। ਖੰਨਾ ਨੇੜਲੇ ਪਿੰਡ ਕੁਲਾਹੜ ‘ਚ ਪਵਨਪ੍ਰੀਤ ਕੌਰ ਦਾ ਨਮ ਅੱਖਾਂ ਨਾਲ ਅੰਤਿਮ ਸਸਕਾਰ ਹੋਇਆ। ਸਰਪੰਚ ਗੁਰਦੀਪ ਸਿੰਘ ਕੁਲਾਹੜ ਨੇ ਦੱਸਿਆ ਕਿ ਪਵਨਪ੍ਰੀਤ ਕੌਰ ਪੁੱਤਰੀ ਦਵਿੰਦਰ ਸਿੰਘ ਕਰੀਬ ਚਾਰ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਦੇ ਟੋਰਾਂਟੋ ਸ਼ਹਿਰ ਗਈ ਸੀ ਜੋ ਪੜ੍ਹਾਈ ਮੁਕੰਮਲ ਕਰਨ ਉਪਰੰਤ ਵਰਕ ਪਰਮਿਟ ‘ਤੇ ਬਰੈਂਪਟਨ ਦੇ ਇਕ ਗੈਸ ਸਟੇਸ਼ਨ ‘ਤੇ ਕੰਮ ਕਰਦੀ ਸੀ, ਜਿੱਥੇ ਇਕ ਸਾਈਕਲ ਸਵਾਰ ਵਿਅਕਤੀ ਨੇ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਵਿਦੇਸ਼ ਮੰਤਰਾਲੇ ਰਾਹੀਂ ਕੈਨੇਡਾ ਸਰਕਾਰ ਤੋਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਦੀ ਮੰਗ ਕੀਤੀ ਹੈ। ਪਵਨਪ੍ਰੀਤ ਕੌਰ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਧਰਵਾਸ ਤਾਂ ਹੈ ਕਿ ਅੱਜ ਉਸ ਦਾ ਸਸਕਾਰ ਆਪਣੇ ਹੱਥੀਂ ਕਰ ਲਿਆ ਪਰ ਉਨ੍ਹਾਂ ਨੂੰ ਸਕੂਨ ਤਾਂ ਹੀ ਮਿਲੇਗਾ ਜਦੋਂ ਉਸ ਦੇ ਕਾਤਲ ਨੂੰ ਵੀ ਇਸ ਤਰ੍ਹਾਂ ਦੀ ਮੌਤ ਮਿਲੇਗੀ। ਦੋ ਭੈਣਾਂ ‘ਚੋਂ ਵੱਡੀ ਪਵਨਪ੍ਰੀਤ ਮਾਪਿਆਂ ਦੀ ਗਰੀਬੀ ਦੂਰ ਕਰਨ ਅਤੇ ਆਪਣੀ ਛੋਟੀ ਭੈਣ ਦੇ ਸੁਨਹਿਰੇ ਭਵਿੱਖ ਦਾ ਸੁਪਨਾ ਲੈ ਕੇ ਕੈਨੇਡਾ ਗਈ ਸੀ। ਉਸ ਨੇ ਪਹਿਲਾ ਸਮੈਸਟਰ ਪੂਰਾ ਕਰਨ ਤੋਂ ਬਾਅਦ ਵਿਆਹ ਕਰਵਾ ਲਿਆ ਸੀ ਪਰ ਤਕਨੀਕੀ ਕਾਰਨਾਂ ਕਰਕੇ ਉਸ ਦੇ ਪਤੀ ਦਾ ਵੀਜ਼ਾ ਨਾ ਲੱਗ ਸਕਿਆ। ਆਪਣੀ ਧੀ ਨੂੰ ਕੈਨੇਡਾ ਭੇਜਣ ਦੇ ਫੈਸਲੇ ‘ਤੇ ਪਛਤਾਉਂਦਿਆਂ ਪ੍ਰਾਈਵੇਟ ਡਰਾਈਵਰੀ ਕਰਦੇ ਪਿਤਾ ਦਵਿੰਦਰ ਸਿੰਘ ਨੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੈਨੇਡਾ ਸਰਕਾਰ ‘ਤੇ ਜ਼ੋਰ ਪਾ ਕੇ ਉਸ ਦੀ ਧੀ ਦੇ ਕਾਤਲ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਜਿਸ ਢੰਗ ਨਾਲ ਉਹ ਆਪਣੀ ਬੇਟੀ ਦੀ ਅਣਆਈ ਮੌਤ ‘ਤੇ ਰੋ ਰਹੇ ਹਨ ਉਸੇ ਤਰ੍ਹਾਂ ਕਾਤਲ ਦੇ ਮਾਪੇ ਵੀ ਉਸ ਨੂੰ ਫਾਂਸੀ ਲੱਗਣ ਤੋਂ ਬਾਅਦ ਤੜਫਣ। ਦੱਸਣਯੋਗ ਹੈ ਕਿ ਕੈਨੇਡਾ ਪੁਲੀਸ ਅਨੁਸਾਰ ਸ਼ੱਕੀ ਵਿਅਕਤੀ ਸੀ.ਸੀ.ਟੀ.ਵੀ. ਫੁਟੇਜ ‘ਚ ਸਾਈਕਲ ਉੱਪਰ ਘੁੰਮਦਾ ਪਾਇਆ ਗਿਆ ਸੀ ਅਤੇ ਪੁਲੀਸ ਨੇ ਲੋਕਾਂ ਨੂੰ ਮੁਲਜ਼ਮ ਨੂੰ ਫੜਨ ‘ਚ ਮਦਦ ਲਈ ਅਪੀਲ ਵੀ ਕੀਤੀ ਹੈ। ਪਰ ਹਾਲੇ ਤੱਕ ਕਾਤਲ ਪੁਲੀਸ ਦੀ ਗ੍ਰਿਫ਼ਤ ‘ਚੋਂ ਬਾਹਰ ਹੈ।