ਬਤੌਰ ਰਾਸ਼ਟਰਪਤੀ ਆਪਣੀ ਪਹਿਲੀ ਕੈਨੇਡਾ ਫੇਰੀ ‘ਤੇ ਆਏ ਜੋਅ ਬਾਇਡਨ ਨੇ ਕਿਹਾ ਕਿ ਇਹ ਅਮਰੀਕਾ ਦੀ ਖੁਸ਼ਕਿਸਮਤੀ ਹੈ ਕਿ ਕੈਨੇਡਾ ਉਸ ਦਾ ਗੁਆਂਢੀ ਹੈ। ਦੋਵੇਂ ਦੇਸ਼ ਤੇਜ਼ੀ ਨਾਲ ਬਦਲ ਰਹੀ ਗਲੋਬਲ ਅਰਥਵਿਵਸਥਾ, ਜਲਵਾਯੂ ਪਰਿਵਰਤਨ, ਯੂਰਪ ‘ਚ ਜੰਗ ਅਤੇ ਹੋਰ ਮੁੱਦਿਆਂ ਨਾਲ ਜੂਝ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਅਤੇ ਕੈਨੇਡਾ ਦਰਮਿਆਨ ਨਜ਼ਦੀਕੀ ਅਤੇ ‘ਅਟੁੱਟ’ ਸਬੰਧਾਂ ਦੀ ਮਹੱਤਤਾ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਦੋਵਾਂ ਦੇਸ਼ਾਂ ਦੇ ਸਾਂਝੇ ਮੁੱਲ ਦੁਨੀਆ ਲਈ ਕਦੇ ਇੰਨੇ ਜ਼ਿਆਦਾ ਅਹਿਮ ਨਹੀਂ ਰਹੇ, ਜਿੰਨੇ ਉਹ ਹੁਣ ਹਨ। ਇਮੀਗ੍ਰੇਸ਼ਨ ਸਬੰਧੀ ਮੁੱਦੇ ‘ਤੇ ਬਾਇਡਨ ਅਤੇ ਟਰੂਡੋ ਨੇ ਇਕ ਸਮਝੌਤੇ ਦਾ ਐਲਾਨ ਕੀਤਾ ਹੈ ਜਿਸਦਾ ਉਦੇਸ਼ ਸ਼ਰਨ ਲੈਣ ਲਈ ਗੈਰ-ਅਧਿਕਾਰਤ ਤਰੀਕੇ ਨਾਲ ਅਮਰੀਕਾ ਦੀ ਸਰਹੱਦ ਪਾਰ ਕਰਕੇ ਕੈਨੇਡਾ ‘ਚ ਆਉਣ ਵਾਲੇ ਲੋਕਾਂ ਨੂੰ ਰੋਕਣਾ ਹੈ। ਇਹ ਸਮਝੌਤਾ ਮੌਜੂਦਾ ਨਿਯਮਾਂ ਵਿਚਲੀਆਂ ਖਾਮੀਆਂ ਨੂੰ ਦੂਰ ਕਰੇਗਾ ਅਤੇ ਦੋਵੇਂ ਦੇਸ਼ ਸ਼ਰਣ ਮੰਗਣ ਵਾਲਿਆਂ ਨੂੰ ਆਪਣੀਆਂ-ਆਪਣੀਆਂ ਸਰਹੱਦਾਂ ਤੋਂ ਹੀ ਵਾਪਸ ਭੇਜ ਸਕਣਗੇ। ਹਾਲਾਂਕਿ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਉਹ ਪੱਛਮੀ ਹਿੱਸੇ ਦੇ 15,000 ਪ੍ਰਵਾਸੀਆਂ ਨੂੰ ਦੇਸ਼ ‘ਚ ਦਾਖ਼ਲ ਹੋਣ ਦਾ ਅਧਿਕਾਰਤ ਮੌਕਾ ਦੇਵੇਗਾ। ਨਵੀਂ ਨੀਤੀ ਅਨੁਸਾਰ ਜੇਕਰ ਕੋਈ ਗੈਰ-ਅਮਰੀਕਨ ਜਾਂ ਕੈਨੇਡੀਅਨ ਨਾਗਰਿਕ ਬਿਨਾਂ ਦਸਤਾਵੇਜ਼ਾਂ ਦੇ ਸਰਹੱਦ ਪਾਰ ਕਰਨ ਦੇ 14 ਦਿਨ ਦੇ ਅੰਦਰ ਫੜਿਆ ਜਾਂਦਾ ਹੈ ਤਾਂ ਉਸ ਨੂੰ ਵਾਪਸ ਭੇਜਿਆ ਜਾਵੇਗਾ। ਇਹ ਨੀਤੀ ਸ਼ਨੀਵਾਰ ਅੱਧੀ ਰਾਤ ਤੋਂ ਲਾਗੂ ਹੋ ਗਈ। ਸੰਸਦ ‘ਚ ਆਪਣੇ ਭਾਸ਼ਣਾਂ ਤੋਂ ਪਹਿਲਾਂ, ਦੋਵੇਂ ਨੇਤਾ ਚੋਟੀ ਦੇ ਸਹਿਯੋਗੀਆਂ ਨਾਲ ਨਿੱਜੀ ਗੱਲਬਾਤ ਲਈ ਬੈਠ ਗਏ। ਇਸ ਦੌਰਾਨ ਯੂਕ੍ਰੇਨ ਅਤੇ ਰੱਖਿਆ ਖਰਚਿਆਂ ਤੋਂ ਇਲਾਵਾ ਚੀਨ ਦੀ ਹਮਲਾਵਰਤਾ ਅਤੇ ਹੈਤੀ ‘ਚ ਹਿੰਸਾ ਅਤੇ ਸਿਆਸੀ ਅਸਥਿਰਤਾ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਟਰੂਡੋ ਨੇ ਬੀਜਿੰਗ ਦੀ ਵਧ ਰਹੀ ਆਰਥਿਕ ਸ਼ਕਤੀ ਨੂੰ ਰੇਖਾਂਕਿਤ ਕੀਤਾ ਅਤੇ ਇਸ ਦਾ ਮੁਕਾਬਲਾ ਕਰਨ ਲਈ ਅਮਰੀਕਾ ਅਤੇ ਕੈਨੇਡਾ ਨੂੰ ਮਿਲ ਕੇ ਕੰਮ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਬਾਇਡਨ ਨੇ ਆਪਣੇ ਭਾਸ਼ਣ ‘ਚ ਕਿਹਾ, ‘ਅੱਜ ਸਾਡੀ ਤਕਦੀਰ ਆਪਸ ‘ਚ ਜੁੜੀ ਹੋਈ ਹੈ ਅਤੇ ਉਹ ਅਟੁੱਟ ਹਨ। ਇਹ ਭੂਗੋਲਿਕ ਜ਼ਰੂਰਤ ਦੇ ਕਾਰਨ ਨਹੀਂ ਹੈ, ਸਗੋਂ ਇਸ ਲਈ ਹੈ ਕਿਉਂਕਿ ਅਸੀਂ ਇਸ ਨੂੰ ਚੁਣਿਆ ਹੈ।’ ਉਨ੍ਹਾਂ ਕਿਹਾ, ‘ਕੈਨੇਡਾ ਅਤੇ ਅਮਰੀਕਾ ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰੀ ਅਤੇ ਵਚਨਬੱਧਤਾ ਸਾਂਝਾ ਕਰਦੇ ਹਨ ਕਿ ਨਾਟੋ (ਉੱਤਰੀ ਅਟਲਾਂਟਿਕ ਸੰਧੀ ਸੰਗਠਨ) ਸਾਰੇ ਖਤਰਿਆਂ ਨੂੰ ਰੋਕ ਸਕੇ ਅਤੇ ਹਰ ਕਿਸਮ ਦੇ ਹਮਲੇ ਤੋਂ ਬਚਾਅ ਕਰ ਸਕੇ।’ ਟਰੂਡੋ ਨੇ ਯੂਕਰੇਨ ‘ਤੇ ਰੂਸ ਦੇ ਹਮਲੇ ਨੂੰ ਨਾਕਾਮ ਕਰਨ ਲਈ ਅਮਰੀਕਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਦਾ ਵਾਅਦਾ ਕੀਤਾ। ਉਨ੍ਹਾਂ ਨੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਅਤੇ ਦੋਵਾਂ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਨੂੰ ਵਧਾਉਣ ਲਈ ਵਧੇਰੇ ਨਜ਼ਦੀਕੀ ਤਾਲਮੇਲ ਦੀ ਜ਼ਰੂਰਤ ਬਾਰੇ ਵੀ ਗੱਲ ਕੀਤੀ।