ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਬੰਬੀਹਾ ਅਤੇ ਬਿਸ਼ਨੋਈ ਗੈਂਗ ਵੱਲੋਂ ਸੋਸ਼ਲ ਮੀਡੀਆ ‘ਤੇ ਇਕ-ਦੂਜੇ ਨੂੰ ਧਮਕੀਆਂ ਦੇਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਜ਼ਿਲਾ ਪੁਲੀਸ ਨੇ ਬੰਬੀਹਾ ਗੈਂਗ ਦੀ ‘ਜਾਅਲੀ’ ਭਰਤੀ ਮੁਹਿੰਮ ਚਲਾਉਣ ਦੇ ਦੋਸ਼ ‘ਚ ਮਾਨਸਾ ਜ਼ਿਲ੍ਹੇ ਦੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਨਸਾ ਦੇ ਐੱਸ.ਪੀ. (ਜਾਂਚ) ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਬੰਬੀਹਾ ਗਰੋਹ ਵੱਲੋਂ ਭਰਤੀ ਲਈ ਸੋਸ਼ਲ ਮੀਡੀਆ ‘ਤੇ ਵਟਸਐਪ ਨੰਬਰ ਪਾਉਣ ਦੀ ਸੂਚਨਾ ਮਿਲਣ ਮਗਰੋਂ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਖਜੀਤ ਸਿੰਘ ਨੂੰ ਟਰੇਸ ਕੀਤਾ ਗਿਆ ਤੇ ਉਸ ਵੱਲੋਂ ਵਰਤਿਆ ਗਿਆ ਫ਼ੋਨ ਵੀ ਬਰਾਮਦ ਕਰ ਲਿਆ ਗਿਆ। ਜਾਂਚ ਦੇ ਅਨੁਸਾਰ, ਉਸਦਾ ਕਿਸੇ ਗੈਂਗ ਨਾਲ ਕੋਈ ਸਬੰਧ ਨਹੀਂ ਹੈ ਅਤੇ ਉਸਨੇ ਮੂਸੇਵਾਲਾ ਦਾ ਪ੍ਰਸ਼ੰਸਕ ਹੋਣ ਕਾਰਨ ਭਾਵਨਾਤਮਕ ਤੌਰ ‘ਤੇ ਸੋਸ਼ਲ ਮੀਡੀਆ ‘ਤੇ ਸਿਰਫ ਇਕ ਪੋਸਟ ਪਾਈ ਸੀ। ਦੂਜੇ ਪਾਸੇ ਪੁਲੀਸ ਨੇ ਸਾਬਕਾ ਕਾਂਗਰਸੀ ਮੰਤਰੀ ਬ੍ਰਹਮ ਮਹਿੰਦਰਾ ਦੇ ਕਰੀਬੀ ਸਰਪੰਚ ਤਾਰਾ ਦੱਤ ਅਤੇ ਇਕ ਹੋਰ ਨੌਜਵਾਨ ਸ਼ਮਸ਼ੇਰ ਸ਼ੇਰਾ ਦੇ ਕਤਲ ਸਮੇਤ ਕਈ ਹੋਰ ਕੇਸਾਂ ‘ਚ ਲੋੜੀਂਦਾ ‘ਏ ਗਰੇਡ’ ਗੈਂਗਸਟਰ ਐੱਸ.ਕੇ. ਖਰੌੜ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਤੇ ਪਟਿਆਲਾ ਪੁਲੀਸ ਦੇ ਸਾਂਝੇ ਅਪਰੇਸ਼ਨ ਦੌਰਾਨ ਬਰੇਲੀ ਤੋਂ ਕਾਬੂ ਕੀਤੇ ਗਏ ਖਰੌੜ ਪਾਸੋਂ ਪੰਜ ਆਧੁਨਿਕ ਪਿਸਤੌਲ ਵੀ ਮਿਲੇ ਹਨ। ਸੀ.ਆਈ.ਏ. ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਤੇ ਟੀਮ ਨੇ ਉਸ ਦੇ ਤਿੰਨ ਸਾਥੀਆਂ ਨੂੰ ਪਟਿਆਲਾ ਨੇੜਿਓਂ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਕੋਲੋਂ ਬਰਾਮਦ ਹੋਏ ਚਾਰ ਵਿਚੋਂ ਦੋ ਹਥਿਆਰ ਆਧੁਨਿਕ, ਵਿਦੇਸ਼ੀ ਅਤੇ ਮਹਿੰਗੇ ਹਨ। ਪਟਿਆਲਾ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਤੇ ਐੱਸ.ਐੱਸ.ਪੀ. ਦੀਪਕ ਪਾਰਿਕ ਨੇ ਦੱਸਿਆ ਕਿ ਫੜੇ ਗਏ ਖਰੌੜ ਦੇ ਸਾਥੀਆਂ ‘ਚ ਜਸਪ੍ਰੀਤ ਮੱਗੂ, ਮੁਹੰਮਦ ਸ਼ਾਹਜਹਾਂ ਸਾਜਨ ਅਤੇ ਸੁਨੀਲ ਰਾਣਾ ਵਾਸੀ ਪਟਿਆਲਾ ਖ਼ਿਲਾਫ਼ ਪਹਿਲਾਂ ਹੀ ਤਰਤੀਬਵਾਰ ਚਾਰ, ਨੌਂ ਅਤੇ ਚਾਰ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਹਫਤਾ ਪਹਿਲਾਂ ਇਸੇ ਗਰੋਹ ਦੇ ਆਫਤਾਬ ਫੂਲ, ਅੱਬੂ ਸੂਫੀਆਨ ਤੇ ਰਜਵਾਨ ਵਾਸੀ ਪਟਿਆਲਾ ਨੂੰ ਵੀ ਇਕ ਵੱਖਰੀ ਕਾਰਵਾਈ ਦੌਰਾਨ ਪਟਿਆਲਾ ਸ਼ਹਿਰ ‘ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਸਰਹਿੰਦ ਰੋਡ ‘ਤੇ ਪੈਂਦੇ ਪਿੰਡ ਬਾਰਨ ਵਾਸੀ ਖਰੌੜ ਦਾ ਅਸਲ ਨਾਂ ਕੰਵਰ ਰਣਦੀਪ ਸਿੰਘ ਹੈ। ਆਈ.ਜੀ. ਛੀਨਾ ਦਾ ਕਹਿਣਾ ਸੀ ਕਿ ਖਰੌੜ ਪਾਕਿਸਤਾਨ ਰਹਿੰਦੇ ਖਾਲਿਸਤਾਨੀ ਆਗੂ ਰਿੰਦਾ ਦੇ ਸੰਪਰਕ ‘ਚ ਸੀ। ਰਿੰਦਾ ਨੇ ਖਰੌੜ ਨੂੰ ਕੁਝ ਹਿੰਦੂ ਨੇਤਾਵਾਂ ਦੀ ਹੱਤਿਆ ਦੀ ਜ਼ਿੰਮੇਵਾਰੀ ਸੌਂਪੀ ਹੋਈ ਸੀ। ਸਿੱਧੂ ਮੂਸੇਵਾਲਾ ਕਤਲ ਦੇ ਸਾਜ਼ਿਸ਼ਘਾੜੇ ਗੋਲਡੀ ਬਰਾੜ ਨਾਲ ਵੀ ਖਰੌੜ ਦੇ ਸਬੰਧ ਦੱਸੇ ਗਏ ਹਨ।