ਹਰਿਆਣਾ ਦੇ ਜ਼ਿਲ੍ਹਾ ਕਰਨਾਲ ਦੇ ਕਸਬਾ ਅਸੰਧ ਤੋਂ ਆ ਕੇ ਪਾਤਡ਼ਾਂ ਵਿਖੇ ਰਹਿ ਰਹੇ ਗਰੀਬ ਪਰਿਵਾਰ ਦੇ ਚਾਰ ਜੀਆਂ ਦੀ ਘਰ ਦੀ ਛੱਡ ਡਿੱਗਣ ਨਾਲ ਮੌਤ ਹੋ ਗਈ। ਮਰਨ ਵਾਲਿਆਂ ’ਚ ਦੋ ਬੱਚੇ ਸ਼ਾਮਲ ਹਨ। ਛੱਤ ਡਿੱਗਣ ਦਾ ਕਾਰਨ ਭਾਰੀ ਬਰਸਾਤ ਬਣੀ ਕਿਉਂਕਿ ਮੀਂਹ ਕਰਕੇ ਗਰੀਬ ਪਰਿਵਾਰ ਦੇ ਮਕਾਨ ਦੀ ਕੰਧ ਧਸ ਗਈ ਜਿਸ ਕਰਕੇ ਘਰ ਦੀ ਛੱਤ ਡਿੱਗ ਪਈ। ਮਲਬੇ ਹੇਠਾਂ ਆ ਕੇ ਪਰਿਵਾਰ ਦੇ ਮੁਖੀ, ਪਤਨੀ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ। ਹਾਦਸੇ ਦਾ ਪਤਾ ਲਗਦੇ ਸਾਰ ਲੋਕਾਂ ਅਤੇ ਡੇਰਾ ਸਿਰਸਾ ਦੇ ਪ੍ਰੇਮੀਆਂ ਨੇ ਲਾਸ਼ਾਂ ਨੂੰ ਮਲਬੇ ’ਚੋਂ ਬਾਹਰ ਕੱਢਿਆ। ਪਾਤਡ਼ਾਂ ਦੇ ਥਾਣਾ ਮੁਖੀ ਪ੍ਰਕਾਸ਼ ਮਸੀਹ ਨੇ ਮੌਕੇ ਦਾ ਜਾਇਜ਼ਾ ਲੈਣ ਮਗਰੋਂ ਲਾਸ਼ਾਂ ਪੋਸਟਮਾਰਟਮ ਲਈ ਸਮਾਣਾ ਦੇ ਸਿਵਲ ਹਸਪਤਾਲ ਭੇਜ ਦਿੱਤੀਆਂ। ਜਾਣਕਾਰੀ ਅਨੁਸਾਰ ਇਹ ਗਰੀਬ ਪਰਿਵਾਰ ਪਿਛਲੇ ਇਕ ਸਾਲ ਤੋਂ ਸ਼ਹਿਰ ਦੇ ਵਾਰਡ ਨੰਬਰ ਨੌਂ ’ਚ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ। ਪਰਿਵਾਰ ਪੱਲੇਦਾਰੀ ਕਰਕੇ ਗੁਜ਼ਾਰਾ ਕਰਦਾ ਸੀ। ਸਵੇਰੇ ਤਡ਼ਕਸਾਰ ਜਦੋਂ ਪਰਿਵਾਰ ਹਾਲੇ ਜਾਗਿਆ ਨਹੀਂ ਸੀ ਤਾਂ ਮਕਾਨ ਦੀ ਇਕ ਕੰਧ ਧਸ ਜਾਣ ਕਾਰਨ ਛੱਤ ਡਿੱਗ ਗਈ। ਮਲਬੇ ਹੇਠਾਂ ਪਰਿਵਾਰ ਦੇ ਪੰਜ ਜੀਅ ਰਾਜੂ (42), ਪਤਨੀ ਸੁਨੀਤਾ (38), ਬੇਟਾ ਅਮਨ ਤੇ ਵਿਕਾਸ ਅਤੇ ਬੇਟੀ ਊਸ਼ਾ (11) ਆ ਗਏ। ਵਿਕਾਸ ਨੂੰ ਛੱਡ ਕੇ ਬਾਕੀ ਪਰਿਵਾਰ ਦੇ ਜੀਆਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਦੱਸਣਯੋਗ ਹੈ ਕਿ ਜਿਹਡ਼ੇ ਮਕਾਨ ’ਚ ਰਾਜੂ ਅਤੇ ਉਸ ਦਾ ਪਰਿਵਾਰ ਕਿਰਾਏ ਉਤੇ ਰਹਿੰਦਾ ਸੀ, ਉਸ ਦੇ ਨਾਲ ਲੱਗਦੇ ਖੇਤਾਂ ’ਚ ਝੋਨਾ ਲੱਗਾ ਹੋਇਆ ਹੈ। ਮਕਾਨਾਂ ਦੀਆਂ ਨੀਹਾਂ ’ਚ ਪਾਣੀ ਭਰਨ ਕਾਰਨ ਕੰਧ ਧਸ ਗਈ ਜੋ ਪਰਿਵਾਰ ਲਈ ਜਾਨਲੇਵਾ ਸਾਬਤ ਹੋਈ।