ਪੂਰਬੀ ਅਫਰੀਕਾ ਦੇ ਪੱਛਮੀ ਯੂਗਾਂਡਾ ਸ਼ਹਿਰ ‘ਚ ਭਾਰੀ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ 15 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਲਾਪਤਾ ਹੋ ਗਏ। ਅਧਿਕਾਰੀਆਂ ਦੇ ਹਵਾਲੇ ਨਾਲ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਯੁਗਾਂਡਾ ਰੈੱਡ ਕਰਾਸ ਸੋਸਾਇਟੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰੁਕੋਕੀ ਉਪ-ਕਾਉਂਟੀ ਦੇ ਕਾਸਿਕਾ ਪਿੰਡ ”ਚ ਮੰਗਲਵਾਰ ਰਾਤ ਨੂੰ ਪਏ ਭਾਰੀ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ ਕੁਝ ਘਰ ਮਲਬੇ ਹੇਠਾਂ ਦੱਬੇ ਜਾਣ ਦਾ ਖਦਸ਼ਾ ਹੈ। ਜ਼ਮੀਨ ਖਿਸਕਣ ਕਾਰਨ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖ਼ਮੀ ਹੋ ਗਏ ਹਨ। ਜ਼ਖਮੀਆਂ ‘ਚੋਂ 6 ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਜਦਕਿ ਕੁਝ ਲੋਕ ਅਜੇ ਵੀ ਲਾਪਤਾ ਹਨ। ਜ਼ਿਕਰਯੋਗ ਹੈ ਕਿ ਯੂਗਾਂਡਾ ਦਾ ਪੱਛਮੀ ਖੇਤਰ ਇਸ ਸਮੇਂ ਮਾਨਸੂਨ ਦੀ ਬਾਰਸ਼ ਦੀ ਮਾਰ ਹੇਠ ਹੈ ਅਤੇ ਹਾਲ ਹੀ ਦੇ ਦਿਨਾਂ ‘ਚ ਜ਼ਮੀਨ ਖਿਸਕਣ ਕਾਰਨ ਕਈ ਲੋਕ ਜ਼ਖ਼ਮੀ ਹੋਏ ਹਨ ਅਤੇ ਘਰਾਂ ਅਤੇ ਫਸਲਾਂ ਨੂੰ ਨੁਕਸਾਨ ਹੋਇਆ ਹੈ। ਅਧਿਕਾਰਤ ਅਨੁਮਾਨਾਂ ਅਨੁਸਾਰ ਪਿਛਲੇ ਸਾਲ ਯੂਗਾਂਡਾ ‘ਚ ਹੜ੍ਹਾਂ ਕਾਰਨ 10 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਸਨ।