ਆਪਣੀ ਜ਼ਿੰਦਗੀ ਦੇ ਆਖਰੀ ਦਿਨ ਔਖੇ ਬਿਤਾਉਣ ਵਾਲੇ ਪ੍ਰਸਿੱਧ ਲੇਖਕ-ਨਿਰਦੇਸ਼ਕ ਬੂਟਾ ਸਿੰਘ ਸ਼ਾਦ ਦਾ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੀ ਤਹਿਸੀਲ ਏਲਨਾਬਾਦ ਦੇ ਪਿੰਡ ਕੁਮਥਲਾ ਵਿਖੇ ਰਾਤੀਂ ਇਕ ਵਜੇ ਦੇਹਾਂਤ ਹੋ ਗਿਆ। ਬੂਟਾ ਸਿੰਘ ਸ਼ਾਦ ਦਾ ਪੂਰਾ ਪਰਿਵਾਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਦਾਨ ਸਿੰਘ ਵਾਲਾ ਨੂੰ ਛੱਡ ਕੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਕੁਮਥਲਾ ‘ਚ ਰਹਿਣ ਲੱਗ ਪਿਆ ਸੀ। ਬੂਟਾ ਸਿੰਘ ਨੇ ਫਿਲਮ ਸਿਟੀ ਮੁੰਬਈ ‘ਚ ਰਹਿ ਕੇ ਕਈ ਫਿਲਮਾਂ ਬਣਾਈਆਂ ਅਤੇ ਉਨ੍ਹਾਂ ਦਾ ਨਿਰਦੇਸ਼ਨ ਕੀਤਾ। ਸ਼ੁਰੂ ‘ਚ ਪ੍ਰਕਾਸ਼ਿਤ ਹੋਈ ਉਨ੍ਹਾਂ ਦੀ ਮੋਰਨੀ ਕਹਾਣੀ ਬਹੁਤ ਮਸ਼ਹੂਰ ਹੋਈ ਜਿਸ ਕਾਰਨ ਉਨ੍ਹਾਂ ਨੂੰ ਬੂਟਾ ਸਿੰਘ ਸ਼ਾਦ ਮੋਰਨੀ ਵਾਲਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਉਨ੍ਹਾਂ 35 ਨਾਵਲ ਵੀ ਲਿਖੇ ਜੋ ਬਹੁਤ ਪ੍ਰਸਿੱਧ ਹੋਏ। ਪਿਛਲੇ ਕਾਫੀ ਸਮੇਂ ਤੋ ਉਹ ਏਲਨਾਬਾਦ ਨੇੜੇ ਪਿੰਡ ਕੁਮਥਲਾ ‘ਚ ਆਪਣੇ ਭਤੀਜੇ ਕੋਲ ਰਹਿ ਰਹੇ ਸਨ। ਉਨ੍ਹਾਂ ਦੇ ਭਤੀਜੇ ਅਜਾਇਬ ਸਿੰਘ ਬਰਾੜ ਨੇ ਦੱਸਿਆ ਕਿ ਅੰਤਿਮ ਸਸਕਾਰ ਪਿੰਡ ਕੁਮਥਲਾ ‘ਚ ਕਰ ਦਿੱਤਾ ਗਿਆ। ਬੂਟਾ ਸਿੰਘ ਸ਼ਾਦ ਦੇ ਲਿਖੇ ਨਾਵਲਾਂ ਦੀ ਅੱਜ ਵੀ ਖ਼ੂਬ ਮੰਗ ਹੈ। ਉਨ੍ਹਾਂ ਨੇ ਨਿਸ਼ਾਨ (ਰਾਜੇਸ਼ ਖੰਨਾ, ਜਤਿੰਦਰ), ਹਿੰਮਤ ਔਰ ਮਿਹਨਤ (ਜਤਿੰਦਰ), ਇਨਸਾਫ ਕੀ ਦੇਵੀ (ਰੇਖਾ), ਪਹਿਲਾ ਪਹਿਲਾ ਪਿਆਰ (ਕੈਮਰਾਮੈਨ ਮਨਮੋਹਨ ਸਿੰਘ ਨੂੰ ਨਿਰਦੇਸ਼ਕ ਵਜੋਂ ਬ੍ਰੇਕ ਦਿੱਤਾ), ਕਸਮ ਵਰਦੀ ਕੀ ਆਦਿ ਫ਼ਿਲਮਾਂ ਬਣਾਈਆਂ ਹਨ। ਕੁਝ ਪੰਜਾਬੀ ਤੇ ਹਿੰਦੀ ਫਿਲਮਾਂ ‘ਚ ਉਨ੍ਹਾਂ ਨੇ ਬਤੌਰ ਹੀਰੋ ਵੀ ਕੰਮ ਕੀਤਾ ਹੈ। ਉਨ੍ਹਾਂ ਦਾ ਸਕ੍ਰੀਨ ਨਾਮ ਹਰਿੰਦਰ ਸੀ। ਹਿੰਦੀ ਫਿਲਮ ‘ਕੋਰਾ ਬਦਨ’ ਵਿੱਚ ਉਨ੍ਹਾਂ ਨੇ ਹੀਰੋ ਵਜੋਂ ਕੰਮ ਕੀਤਾ। ਉਨ੍ਹਾਂ ਕੁੱਲੀ ਯਾਰ ਦੀ, ਮਿੱਤਰ ਪਿਆਰੇ ਨੂੰ, ਗਿੱਧਾ ਆਦਿ ਸਮੇਤ ਕਈ ਪੰਜਾਬੀ ਫਿਲਮਾਂ ਦਾ ਨਿਰਮਾਣ ਕੀਤਾ। ਉਨ੍ਹਾਂ ਦੇ ਨਾਵਲ ‘ਕੁੱਤਿਆਂ ਵਾਲੇ ਸਰਦਾਰ’, ‘ਰੋਹੀ ਦਾ ਫੁੱਲ’, ‘ਅੱਧੀ ਰਾਤ ਪਹਿਰ ਦਾ ਤੜਕਾ’, ‘ਰੂਹ ਦਾ ਹਾਣੀ’, ‘ਚਲਦੀ ਵਹੀਰ’, ‘ਸਿੱਖ’ ਆਦਿ ਕਾਫੀ ਪ੍ਰਸਿੱਧ ਹਨ।