ਪਿਛਲੇ ਸਮੇਂ ‘ਚ ਕਤਲ ਦੀਆਂ ਕਈ ਅਜਿਹੀਆਂ ਘਟਨਾਵਾਂ ਅੰਜਾਮ ਦਿੱਤੀਆਂ ਗਈਆਂ ਜਿਨ੍ਹਾਂ ਦਾ ਸਿੱਧਾ ਕੁਨੈਕਸ਼ਨ ਵਿਦੇਸ਼ਾਂ ਨਾਲ ਜੁੜਿਆ ਹੈ। ਵੱਖ-ਵੱਖ ਮੁਲਕਾਂ ‘ਚ ਬੈਠੈ ਮੋਸਟ ਵਾਂਟਿਡ ਗੈਂਗਸਟਰਾਂ ਵੱਲੋਂ ਪੰਜਾਬ ‘ਚ ਆਪਣੇ ਮਾਡਿਊਲ ਦੀ ਮਦਦ ਨਾਲ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਸਫਲਤਾ ਨਾਲ ਅੰਜਾਮ ਦਿੱਤਾ ਜਾ ਰਿਹਾ ਜੋ ਪੰਜਾਬ ਪੁਲੀਸ ਲਈ ਚੁਣੌਤੀ ਬਣ ਚੁੱਕਾ ਹੈ। ਸਭ ਤੋਂ ਗੰਭੀਰ ਮਾਮਲਾ ਇਨ੍ਹਾਂ ਗੈਂਗਸਟਰਾਂ ਦੇ ਤੇਜ਼ੀ ਨਾਲ ਸਰਹੱਦੋਂ ਪਾਰ ਅੱਤਵਾਦੀ ਗੁੱਟਾਂ ਨਾਲ ਬਣ ਰਹੇ ਸਬੰਧ ਹਨ। ਪਿਛਲੇ ਕੁਝ ਸਾਲਾਂ ‘ਚ ਪੰਜਾਬ ਦੇ ਮੋਸਟ ਵਾਂਟਿਡ ਅਪਰਾਧੀਆਂ ਵੱਲੋਂ ਜੇਲ੍ਹ ਵਿੱਚੋਂ ਜਾਂ ਵਿਦੇਸ਼ ਤੋਂ ਕਿਸ ਤਰ੍ਹਾਂ ਆਪਣੇ ਗਰੁੱਪਾਂ ਦੇ ਨਾਂ ਦੀ ਦਹਿਸ਼ਤ ਬਣਾਉਣ ਲਈ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਸਫਲਤਾ ਨਾਲ ਅੰਜਾਮ ਦਿੱਤਾ ਜਾ ਰਿਹਾ ਹੈ ਉਸ ਦਾ ਸਬੂਤ ਪੰਜਾਬੀ ਗਾਇਕ ਸਿੱਧੂ ਮੂਸੇਵਾਲ, ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਅਤੇ ਵਿੱਕੀ ਮਿੱਢੂਖੇੜਾ ਦੇ ਹੋਏ ਕਤਲ ਤੋਂ ਮਿਲ ਜਾਂਦਾ ਹੈ। ਸਿੱਧੂ ਦੇ ਕਤਲ ਦੀ ਸਾਜ਼ਿਸ਼ ਦੇ ਮੁੱਖ ਸੂਤਰਧਾਰ ਲਾਰੈਂਸ ਗੈਂਗ ਨੂੰ ਵਿਦੇਸ਼ ਤੋਂ ਚਲਾਉਣ ਵਾਲਾ ਗੋਲਡੀ ਬਰਾੜ ਹੈ, ਜੋ ਕਈ ਸਾਲਾਂ ਤੋਂ ਦੇਸ਼ ਛੱਡ ਕੇ ਭੱਜ ਚੁੱਕਾ ਹੈ। ਬਾਵਜੂਦ ਇਸ ਦੇ ਉਸ ਨੇ ਵਿਦੇਸ਼ ਤੋਂ ਹੀ ਸਿੱਧੂ ਦੇ ਕਤਲ ਦੀ ਨਾ ਸਿਰਫ ਸਾਜ਼ਿਸ਼ ਰਚੀ ਸਗੋਂ ਉਸ ਨੂੰ ਪੰਜਾਬ ਅਤੇ ਹਰਿਆਣਾ ‘ਚ ਸਰਗਰਮ ਮਾਡਿਊਲ ਦੀ ਮਦਦ ਨਾਲ ਕਾਮਯਾਬ ਵੀ ਕਰਵਾ ਲਿਆ। ਇਸੇ ਤਰ੍ਹਾਂ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕਬੱਡੀ ਮੈਚ ਦੌਰਾਨ ਦਰਜਨਾਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਕਤਲ ਦੀ ਸਾਜ਼ਿਸ਼ ਵਿਦੇਸ਼ ਤੋਂ ਹੀ ਰਚੀ ਗਈ ਸੀ ਅਤੇ ਵਿੱਕੀ ਮਿੱਢੂਖੇੜਾ ਦਾ ਬੇਦਰਦੀ ਨਾਲ ਹੋਇਆ ਕਤਲ ਵੀ ਇਸੇ ਸਾਜ਼ਿਸ਼ ਦਾ ਨਤੀਜਾ ਹੈ। ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ ਜੇਲ੍ਹ ਹੋਵੇ ਜਾਂ ਵਿਦੇਸ਼, ਉਥੋਂ ਬੈਠ ਕੇ ਅਪਰਾਧੀ ਨਾ ਸਿਰਫ਼ ਆਪਣਾ ਗੈਂਗ ਚਲਾ ਸਕਦੇ ਹਨ ਸਗੋਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਵੀ ਵਿਗਾੜ ਕੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣਾ ਸਕਦੇ ਹਨ।