‘ਗੋਲਡਨ ਬੁਆਏ’ ਦੇ ਨਾਂ ਨਾਲ ਜਾਣੇ ਜਾਂਦੇ ਇੰਡੀਆ ਦੇ ਖਿਡਾਰੀ ਨੀਰਜ ਚੋਪਡ਼ਾ ਨੇ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਨੀਰਜ ਚੋਪਡ਼ਾ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੇ ਜੈਵਲਿਨ ਥਰੋਅ ਈਵੈਂਟ ’ਚ 88.13 ਮੀਟਰ ਦੀ ਦੂਰੀ ’ਤੇ ਜੈਵਲਿਨ ਸੁੱਟ ਕੇ ਦੇਸ਼ ਦੀ ਝੋਲੀ ’ਚ ਸਿਲਵਰ ਮੈਡਲ ਪਾ ਦਿੱਤਾ ਹੈ। ਵਿਸ਼ਵ ਚੈਂਪੀਅਨਸ਼ਿਪ ’ਚ ਸਿਲਵਰ ਮੈਡਲ ਜਿੱਤਣ ਵਾਲੇ ਨੀਰਜ ਪਹਿਲੇ ਅਥਲੀਟ ਬਣ ਗਏ ਹਨ। ਦੱਸਦਈਏ ਕਿ ਅਮਰੀਕਾ ਦੇ ਯੂਜੀਨ ’ਚ ਖੇਡੀ ਜਾ ਰਹੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ’ਚ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ ਸੋਨ ਤਗਮਾ ਜਿੱਤਿਆ ਜਦਕਿ ਨੀਰਜ ਨੇ ਦੂਜੇ ਸਥਾਨ ’ਤੇ ਆ ਕੇ ਚਾਂਦੀ ਦਾ ਤਗਮਾ ਜਿੱਤਿਆ। ਇਸ ਚੈਂਪੀਅਨਸ਼ਿਪ ’ਚ ਨੀਰਜ ਤੋਂ ਇਲਾਵਾ ਰੋਹਿਤ ਯਾਦਵ ਨੇ ਵੀ ਫਾਈਨਲ ’ਚ ਪ੍ਰਵੇਸ਼ ਕੀਤਾ ਸੀ। ਰੋਹਿਤ ਯਾਦਵ 10ਵੇਂ ਨੰਬਰ ’ਤੇ ਰਹਿ ਕੇ ਫਾਈਨਲ ’ਚ ਤਗਮੇ ਦੀ ਦੌਡ਼ ਤੋਂ ਬਾਹਰ ਹੋ ਗਿਆ। ਓਲੰਪਿਕ ਚੈਂਪੀਅਨ ਨੀਰਜ ਚੋਪਡ਼ਾ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ’ਚ ਤਗਮਾ ਜਿੱਤਣ ਵਾਲਾ ਦੂਜਾ ਭਾਰਤੀ ਅਤੇ ਜੈਵਲਿਨ ਥਰੋਅ ’ਚ 88.13 ਮੀਟਰ ਥਰੋਅ ਨਾਲ ਚਾਂਦੀ ਦਾ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਪੁਰਸ਼ ਅਥਲੀਟ ਬਣ ਗਿਆ ਹੈ। 2003 ’ਚ ਪੈਰਿਸ ’ਚ ਅੰਜੂ ਬੌਬੀ ਜਾਰਜ ਦੁਆਰਾ ਵਿਸ਼ਵ ਚੈਂਪੀਅਨਸ਼ਿਪ ’ਚ ਇੰਡੀਆ ਲਈ ਇਕਲੌਤਾ ਤਗਮਾ ਲੰਬੀ ਛਾਲ ’ਚ ਕਾਂਸੀ ਦਾ ਸੀ। ਫਾਊਲ ਨਾਲ ਸ਼ੁਰੂਆਤ ਕਰਨ ਵਾਲੇ ਚੋਪਡ਼ਾ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਦੂਜੀ ਕੋਸ਼ਿਸ਼ ’ਚ 82.39, ਤੀਜੀ ਕੋਸ਼ਿਸ਼ ’ਚ 86.37 ਅਤੇ ਚੌਥੀ ਕੋਸ਼ਿਸ਼ ’ਚ 88.13 ਮੀਟਰ ਥਰੋਅ ਸੁੱਟਿਆ। ਉਸ ਦੀ ਪੰਜਵੀਂ ਅਤੇ ਛੇਵੀਂ ਕੋਸ਼ਿਸ਼ ਫਾਊਲ ਰਹੀ। ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ 90.54 ਮੀਟਰ ਥਰੋਅ ਨਾਲ ਸੋਨ ਤਗਮਾ ਜਿੱਤਿਆ, ਜਦਕਿ ਚੈੱਕ ਗਣਰਾਜ ਦੇ ਯਾਕੂਬ ਵਾਲਦੇਸ਼ ਨੇ 88.09 ਮੀਟਰ ਥਰੋਅ ਨਾਲ ਕਾਂਸੀ ਦਾ ਤਗਮਾ ਹਾਸਲ ਕੀਤਾ।