ਕੈਨੇਡਾ ਘੁੰਮਣ ਦੇ ਬਹਾਨੇ ਗਏ ਵਿਜ਼ਿਟਰ ਵੀਜ਼ੇ ਵਾਲਿਆਂ ਨੂੰ ਹੁਣ ਕੈਨੇਡਾ ਨੇ ਖੁਸ਼ਖਬਰੀ ਦਿੱਤੀ ਹੈ। ਵਿਜ਼ਿਟਰ ਵੀਜ਼ੇ ‘ਤੇ ਕੈਨੇਡਾ ਗਏ ਵਿਦੇਸ਼ੀ ਨਾਗਰਿਕ, ਜਿਨ੍ਹਾਂ ਕੋਲ ਕਿਸੇ ਵੈਧ ਜੌਬ ਦੀ ਪੇਸ਼ਕਸ਼ ਹੈ, ਉਹ ਹੁਣ ਬਿਨਾਂ ਮੁਲਕ ਛੱਡੇ ਵਰਕ ਪਰਮਿਟ ਲਈ ਅਪਲਾਈ ਕਰ ਸਕਣਗੇ। ਇਹ ਐਲਾਨ ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਕੀਤਾ ਹੈ। ਆਈ.ਆਰ.ਸੀ.ਸੀ. ਦੀ ਇਹ ਪੇਸ਼ਕਦਮੀ ਕਰੋਨਾ ਮਹਾਮਾਰੀ ਦੌਰਾਨ ਜਾਰੀ ਆਰਜ਼ੀ ਪਬਲਿਕ ਪਾਲਿਸੀ ਦਾ ਹੀ ਵਾਧਾ, ਜੋ ਅੱਜ ਖ਼ਤਮ ਹੋ ਰਹੀ ਸੀ। ਇਸ ਪਾਲਿਸੀ ਨੂੰ ਹੁਣ ਦੋ ਸਾਲ ਲਈ 28 ਫਰਵਰੀ 2025 ਤੱਕ ਵਧਾ ਦਿੱਤਾ ਗਿਆ ਹੈ। ਇਸ ਸਰਕਾਰੀ ਪਾਲਿਸੀ ਤਹਿਤ ਅਪਲਾਈ ਕਰਨ ਵਾਲੇ ਵਿਜ਼ਿਟਰ, ਜਿਨ੍ਹਾਂ ਕੋਲ ਪਿਛਲੇ 12 ਮਹੀਨਿਆਂ ਤੋਂ ਵਰਕ ਪਰਮਿਟ ਹੈ, ਵੀ ਹੁਣ ਆਪਣੇ ਕਿਸੇ ਨਵੇਂ ਰੁਜ਼ਗਾਰਦਾਤੇ (ਐਂਪਲਾਇਰ) ਕੋਲ ਆਰਜ਼ੀ ਵਰਕ ਆਥੋਰਾਈਜ਼ੇਸ਼ਨ ਦੀ ਅਰਜ਼ੀ ਦਾਖ਼ਲ ਕਰ ਸਕਣਗੇ। ਪਾਲਿਸੀ ‘ਚ ਕੀਤੇ ਇਸ ਆਰਜ਼ੀ ਬਦਲਾਅ ਤੋਂ ਪਹਿਲਾਂ ਕੈਨੇਡਾ ‘ਚ ਕੰਮ ਲਈ ਅਪਲਾਈ ਕਰਨ ਵਾਲਿਆਂ ਨੂੰ ਇਸ ਮੁਲਕ ‘ਚ ਆਉਣ ਤੋਂ ਪਹਿਲਾਂ ਹੀ ਸ਼ੁਰੂਆਤੀ ਵਰਕ ਪਰਮਿਟ ਲਈ ਅਪਲਾਈ ਕਰਨ ਦੀ ਲੋੜ ਹੁੰਦੀ ਸੀ। ਜੇਕਰ ਉਹ ਪਹਿਲਾਂ ਹੀ ਵਿਜ਼ਿਟਰ ਵੀਜ਼ਾ ‘ਤੇ ਕੈਨੇਡਾ ‘ਚ ਸਨ, ਤਾਂ ਉਨ੍ਹਾਂ ਨੂੰ ਆਪਣਾ ਵਰਕ ਪਰਮਿਟ ਹਾਸਲ ਕਰਨ ਲਈ ਮੁਲਕ ਛੱਡਣਾ ਪੈਂਦਾ ਸੀ। ਹੁਣ ਇਸ ਨਵੀਂ ਪਾਲਿਸੀ ਨਾਲ ਵਿਜ਼ਿਟਰ ਵੀਜ਼ੇ ‘ਤੇ ਆਏ ਲੋਕਾਂ ਨੂੰ ਕੈਨੇਡਾ ਛੱਡਣ ਦੀ ਲੋੜ ਨਹੀਂ ਪਏਗੀ। ਇਸ ਆਰਜ਼ੀ ਪਾਲਿਸੀ ਦਾ ਲਾਹਾ ਲੈਣ ਵਾਲਿਆਂ ਕੋਲ ਵਰਕ ਪਰਮਿਟ ਲਈ ਅਪਲਾਈ ਕਰਨ ਵਾਲੇ ਦਿਨ ਕੈਨੇਡਾ ‘ਚ ਠਹਿਰ ਦਾ ਵੈਧ ਸਟੇਟਸ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਕੋਲ ਜੌਬ ਪੇਸ਼ਕਸ਼ ਹੋਵੇ, ਜਿਸ ਨਾਲ ਲੇਬਰ ਮਾਰਕੀਟ ਇੰਪੈਕਟ ਅਸੈੱਸਮੈਂਟ ਜਾਂ ਐੱਲ.ਐੱਮ.ਆਈ.ਏ. ਤੋਂ ਛੋਟ ਵਾਲਾ ਪੱਤਰ ਹੋਵੇ।