ਕਬੱਡੀ ਕੱਪ ਦੌਰਾਨ ਗੋਲੀਆਂ ਮਾਰ ਕਤਲ ਕੀਤੇ ਨਾਮਵਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਰੁਪਿੰਦਰ ਕੌਰ ਤੇ ਭਰਾ ਤੋਂ ਇਲਾਵਾ ਪਰਿਵਾਰ ਦੇ ਹੋਰ ਜੀਆਂ ਨਾਲ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਮੁਲਾਕਾਤ ਕੀਤੀ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਇਨ੍ਹੀਂ ਦਿਨੀਂ ਇੰਗਲੈਂਡ ‘ਚ ਹਨ। ਉਨ੍ਹਾਂ ਨਾਈਜੀਰੀਆ ਦੇ ਗਾਇਕ ਬਰਨਾ ਬੁਆਏ ਨਾਲ ਵੀ ਮੁਲਾਕਾਤ ਕੀਤੀ ਅਤੇ ਬਰਨਾ ਬੁਆਏ ਨੇ ਵੀ ਸਿੱਧੂ ਮੂਸੇਵਾਲਾ ਲਈ ਇਨਸਾਫ ਮੰਗਿਆ ਹੈ। ਸਿੱਧੂ ਮੂਸੇਵਾਲਾ ਦੇ ਮਾਪਿਆਂ ਦੀ ਨਾਈਜੀਰੀਅਨ ਰੈਪ ਗਾਇਕ ਬਰਨਾ ਬੁਆਏ ਨਾਲ ਮੁਲਾਕਾਤ ਹੋਈ। ਇਸ ਦੌਰਾਨ ਉਸ ਨੇ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਦੁੱਖ ਸਾਂਝਾ ਕੀਤਾ। ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਬਰਨਾ ਬੁਆਏ ਬਲਕੌਰ ਸਿੰਘ ਸਿੱਧੂ ਨਾਲ ਪਹਿਲੀ ਮੁਲਾਕਾਤ ਦੌਰਾਨ ਬਹੁਤ ਭਾਵੁਕ ਹੋਇਆ ਅਤੇ ਉਸ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਬਹੁਤ ਸਾਰੀਆਂ ਗੱਲਾਂ ਮਾਪਿਆਂ ਨਾਲ ਸਾਂਝੀਆਂ ਕੀਤੀਆਂ। ਦੱਸਣਯੋਗ ਹੈ ਕਿ ਇਕ ਲਾਈਵ ਸ਼ੋਅ ਦੌਰਾਨ ਬਰਨਾ ਬੁਆਏ ਸਿੱਧੂ ਮੂਸੇਵਾਲਾ ਦਾ ਨਾਂ ਲੈਂਦਿਆਂ ਬਹੁਤ ਭਾਵੁਕ ਹੋ ਗਿਆ ਸੀ ਅਤੇ ਉਸ ਨੇ ਮੂਸੇਵਾਲਾ ਦੇ ਚਰਚਿਤ ਅੰਦਾਜ਼ ‘ਚ ਉਸ ਨੂੰ ਸ਼ਰਧਾਂਜਲੀ ਦਿੱਤੀ ਸੀ। ਉਸ ਨੇ ਆਪਣੇ ਪੱਟ ‘ਤੇ ਥਾਪੀ ਮਾਰ ਕੇ ਹਵਾ ‘ਚ ਹੱਥ ਲਹਿਰਾਇਆ ਸੀ। ਇਸ ਸ਼ੋਅ ਦੌਰਾਨ ਦਰਸ਼ਕ ਵੀ ਭਾਵੁਕ ਹੋ ਗਏ ਸਨ। ਜ਼ਿਕਰਯੋਗ ਹੈ ਕਿ ਬਰਨਾ ਬੁਆਏ ਅਤੇ ਸਿੱਧੂ ਮੂਸੇਵਾਲਾ ਮਿਕਸਟੇਪ ‘ਤੇ ਕੰਮ ਕਰ ਰਹੇ ਸਨ। ਉਧਰ ਪਰਿਵਾਰ ਤੋਂ ਪਤਾ ਲੱਗਿਆ ਹੈ ਕਿ ਬਰਤਾਨੀਆ ‘ਚ ਰਹਿੰਦੇ ਪੰਜਾਬੀ ਗਾਇਕ ਦੇ ਪ੍ਰਸ਼ੰਸਕਾਂ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸੇ ਕੜੀ ਤਹਿਤ ਉਨ੍ਹਾਂ ਵੱਲੋਂ 24 ਨਵੰਬਰ ਨੂੰ ਇੰਗਲੈਂਡ ਦੀ ਪਾਰਲੀਮੈਂਟ ਦੇ ਬਾਹਰ ਇਕ ਸਾਈਕਲ ਰੈਲੀ ਕੀਤੀ ਜਾ ਰਹੀ ਹੈ ਜਿਸ ‘ਚ ਮਰਹੂਮ ਗਾਇਕ ਦੇ ਮਾਪੇ ਸ਼ਾਮਲ ਹੋਣਗੇ।