ਅਮਰੀਕਾ ਦੀ ਦੇਸੀਰਾ ਕ੍ਰਾਜ਼ਿਕ ਅਤੇ ਇੰਗਲੈਂਡ ਦੇ ਨੀਲ ਸਕੁਪਸਕੀ ਨੂੰ ਹਰਾ ਕੇ ਇੰਡੀਆ ਦੀ ਸਾਨੀਆ ਮਿਰਜ਼ਾ ਅਤੇ ਰੋਹਨ ਬੋਪੰਨਾ ਦੀ ਜੋੜੀ ਨੇ ਆਸਟਰੇਲੀਅਨ ਓਪਨ 2023 ਦੇ ਮਿਕਸਡ ਡਬਲਜ਼ ਸੈਮੀਫਾਈਨਲ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ। ਆਪਣੇ ਸ਼ਾਨਦਾਰ ਕਰੀਅਰ ਦਾ ਆਖ਼ਰੀ ਗ੍ਰੈਂਡ ਸਲੈਮ ਖੇਡ ਰਹੀ ਸਾਨੀਆ ਨੇ ਮਾਰਗਰੇਟ ਕੋਰਟ ਏਰੀਨਾ ‘ਤੇ ਇਕ ਘੰਟਾ 52 ਮਿੰਟ ਤੱਕ ਚੱਲੇ ਮੈਚ ‘ਚ ਤੀਜਾ ਦਰਜਾ ਪ੍ਰਾਪਤ ਸਕੁਪਸਕੀ ਅਤੇ ਕ੍ਰਾਵਜ਼ਿਕ ਨੂੰ 7-6 (7/5), 6-7 (5/7) 10-6 ਨਾਲ ਹਰਾਇਆ। ਇਸ ਤੋਂ ਪਹਿਲਾਂ ਭਾਰਤੀ ਜੋੜੀ ਨੂੰ ਕੁਆਰਟਰ ਫਾਈਨਲ ‘ਚ ਜੇਲੇਨਾ ਓਸਤਾਪੇਂਕੋ ਅਤੇ ਡੇਵਿਡ ਵੇਗਾ ਹਰਨਾਂਡੇਜ਼ ਤੋਂ ਵਾਕਓਵਰ ਮਿਲਿਆ ਸੀ। ਸਾਨੀਆ ਅਤੇ ਬੋਪੰਨਾ ਦੀ ਜੋੜੀ ਨੇ 2017 ‘ਚ ਫ੍ਰੈਂਚ ਓਪਨ ਮਿਕਸਡ ਡਬਲਜ਼ ਦਾ ਖਿਤਾਬ ਜਿੱਤਿਆ ਸੀ ਜਦਕਿ ਸਾਨੀਆ ਨੇ ਆਖਰੀ ਵਾਰ 2009 ‘ਚ ਮਹੇਸ਼ ਭੂਪਤੀ ਦੇ ਨਾਲ ਆਸਟਰੇਲੀਅਨ ਓਪਨ ਮਿਕਸਡ ਡਬਲਜ਼ ਦਾ ਖਿਤਾਬ ਜਿੱਤਿਆ ਸੀ। ਇੰਡੀਆ ਦੀ 36 ਸਾਲਾ ਟੈਨਿਸ ਸਨਸਨੀ ਨੇ ਆਸਟਰੇਲੀਅਨ ਓਪਨ ਦੀ ਸ਼ੁਰੂਆਤ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਇਹ ਉਸਦਾ ਆਖਰੀ ਗ੍ਰੈਂਡ ਸਲੈਮ ਹੋਵੇਗਾ ਜਿਸ ਤੋਂ ਬਾਅਦ ਉਹ 19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਡਬਲਿਊ.ਟੀ.ਏ. 1000 ਦੁਬਈ ਟੈਨਿਸ ਚੈਂਪੀਅਨਸ਼ਿਪ ਤੋਂ ਬਾਅਦ ਸੰਨਿਆਸ ਲੈ ਲਵੇਗੀ। ਸਾਨੀਆ ਪਿਛਲੀ 22 ਜਨਵਰੀ ਨੂੰ ਆਸਟਰੇਲੀਅਨ ਓਪਨ ਦੇ ਮਹਿਲਾ ਡਬਲਜ਼ ਮੁਕਾਬਲੇ ਤੋਂ ਬਾਹਰ ਹੋ ਗਈ ਸੀ। ਸਾਨੀਆ ਅਤੇ ਕਜ਼ਾਕਿਸਤਾਨ ਦੀ ਅੰਨਾ ਡੇਨਿਲਿਨਾ ਨੂੰ ਦੂਜੇ ਦੌਰ ‘ਚ ਬੈਲਜੀਅਮ ਦੀ ਐਲੀਸਨ ਵਾਨ ਉਇਤਵਾਂਕ ਅਤੇ ਯੂਕਰੇਨ ਦੀ ਐਨਹੇਲਿਨਾ ਕਾਲਿਨੀਨਾ ਨੇ 4-6, 6-4, 2-6 ਨਾਲ ਹਰਾਇਆ ਸੀ।