ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਸੈਂਕਡ਼ੇ ਏਕਡ਼ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਕਬਜ਼ਾ ਹਟਾਓ’ ਮੁਹਿੰਮ ਦੀ ਕਮਾਨ ਸੰਭਾਲ ਕੇ ਪਹਾਡ਼ਾਂ ਦੀ ਜਡ਼੍ਹ ’ਚ ਪੈਂਦੀ 2828 ਏਕਡ਼ ਜ਼ਮੀਨ ਦਰਜਨਾਂ ਰਸੂਖਵਾਨਾਂ ਦੇ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਾਈ। ਇਨ੍ਹਾਂ ਰਸੂਖਵਾਨਾਂ ’ਚ ਮੌਜੂਦਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਪੁੱਤ ਈਮਾਨ ਸਿੰਘ ਮਾਨ ਤੇ ਧੀ ਤੋਂ ਇਲਾਵਾ ਸਾਬਕਾ ਕਾਂਗਰਸੀ ਮੰਤਰੀ ਗੁਰਪ੍ਰੀਤ ਸਿੰਘ ਕਾਂਗਡ਼ ਦਾ ਪੁੱਤ ਵੀ ਸ਼ਾਮਲ ਹੈ। ਪੰਜਾਬ ਸਰਕਾਰ ਵੱਲੋਂ ਪਹਿਲੀ ਮਈ ਤੋਂ ਪੰਜਾਬ ’ਚ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਏ ਜਾਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ ਹੁਣ ਤੱਕ 9053 ਏਕਡ਼ ਜ਼ਮੀਨ ਤੋਂ ਕਬਜ਼ੇ ਹਟਾਏ ਜਾ ਚੁੱਕੇ ਹਨ। ਪੰਜਾਬ ਸਰਕਾਰ ਨੇ ਜਸਟਿਸ ਕੁਲਦੀਪ ਸਿੰਘ ਰਿਪੋਰਟ ਨੂੰ ਅਮਲੀ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਮੁੱਖ ਮੰਤਰੀ ਪਹਿਲੀ ਦਫ਼ਾ ਇਸ ਮੁਹਿੰਮ ’ਚ ਸਿੱਧੇ ਤੌਰ ’ਤੇ ਸ਼ਾਮਲ ਹੋਏ ਹਨ ਜਿਨ੍ਹਾਂ ਬਲਾਕ ਮਾਜਰੀ ਦੇ ਪਿੰਡ ਛੋਟੀ ਬਡ਼ੀ ਨੰਗਲ ਪਹੁੰਚ ਕੇ ਮੁਹਿੰਮ ਦੀ ਅਗਵਾਈ ਕੀਤੀ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਮੌਕੇ ਰਸੂਖਵਾਨਾਂ ਦੇ ਨਾਂ ਨਸ਼ਰ ਕੀਤੇ। ਪਤਾ ਲੱਗਾ ਹੈ ਕਿ ਲੰਘੀ ਰਾਤ ਇਹ ਨਾਜਾਇਜ਼ ਕਬਜ਼ੇ ਹਟਾਉਣ ਲਈ ਕਾਨੂੰਨੀ ਮਾਹਿਰਾਂ ਨਾਲ ਵਿਚਾਰ ਚਰਚਾ ਕੀਤੀ ਗਈ ਸੀ। ਪੰਚਾਇਤ ਵਿਭਾਗ ਵੱਲੋਂ ਕਾਨੂੰਨੀ ਪੱਖ ਤੋਂ ਰਾਹ ਪੱਧਰਾ ਹੋਣ ਮਗਰੋਂ ਸਵੇਰੇ ਹੀ ਮੁੱਖ ਮੰਤਰੀ ਨੂੰ ਇਸ ਮੁਹਿੰਮ ਲਈ ਸੱਦਾ ਦਿੱਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਇਸ 2828 ਏਕਡ਼ ਜ਼ਮੀਨ ’ਚੋਂ 265 ਏਕਡ਼ ਜ਼ਮੀਨ ਮੈਦਾਨੀ ਇਲਾਕੇ ਦੀ ਜਦਕਿ 2563 ਏਕਡ਼ ਪਹਾਡ਼ੀ ਹੈ। ਉਨ੍ਹਾਂ ਦੱਸਿਆ ਕਿ ਇਹ ਜ਼ਮੀਨ ਦੀ ਕੀਮਤ ਕਰੀਬ 300 ਕਰੋਡ਼ ਰੁਪਏ ਹੈ ਜਦਕਿ 50 ਕਰੋਡ਼ ਰੁਪਏ ਖ਼ੈਰ ਦੀ ਲੱਕਡ਼ ਦੀ ਕੀਮਤ ਬਣਦੀ ਹੈ। ਉਨ੍ਹਾਂ ਕਿਹਾ ਕਿ ਜੋ ਵਿਰੋਧੀ ਸੁਆਲ ਚੁੱਕਦੇ ਹਨ ਕਿ ਸਰਕਾਰ ਕੋਲ ਫੰਡ ਕਿੱਥੋਂ ਆਵੇਗਾ, ਉਹ ਫ਼ੰਡ ਸ਼ਿਵਾਲਿਕ ਦੀਆਂ ਪਹਾਡ਼ੀਆਂ ਦੀਆਂ ਜਡ਼੍ਹਾਂ ’ਚੋਂ ਉਦੋਂ ਆਵੇਗਾ, ਜਦੋਂ ਬੇਸ਼ਕੀਮਤੀ ਜ਼ਮੀਨਾਂ ਨੂੰ ਕਬਜ਼ਿਆਂ ਤੋਂ ਮੁਕਤ ਕਰਵਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੁਝ ਰਸੂਖਵਾਨ ਅਫ਼ਸਰਾਂ ਅਤੇ ਸਿਆਸਤਦਾਨਾਂ ਨੇ ਗੈਰਕਾਨੂੰਨੀ ਢੰਗ ਨਾਲ ਕਬਜ਼ਾ ਕੀਤਾ ਹੋਇਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਅਣਅਧਿਕਾਰਤ ਕਾਬਜ਼ਕਾਰਾਂ ’ਚ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਈਮਾਨਜੀਤ ਸਿੰਘ ਮਾਨ ਨੇ 125 ਏਕਡ਼ ਉੱਤੇ ਕਬਜ਼ਾ ਕੀਤਾ ਹੋਇਆ ਸੀ ਅਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗਡ਼ ਦੇ ਪੁੱਤਰ ਹਰਮਨਦੀਪ ਸਿੰਘ ਨੇ ਪੰਜ ਏਕਡ਼ ਉੱਤੇ ਕਾਬਜ਼ ਸੀ। ਉਨ੍ਹਾਂ ਦੱਸਿਆ ਕਿ ਸੰਗਰੂਰ ਦੇ ਸੰਸਦ ਮੈਂਬਰ ਦੀ ਧੀ ਅਤੇ ਜਵਾਈ ਨੇ ਵੀ ਅਣਅਧਿਕਾਰਤ ਤੌਰ ਉੱਤੇ ਮਹਿੰਗੇ ਭਾਅ ਵਾਲੀ 28 ਏਕਡ਼ ਜ਼ਮੀਨ ਉੱਤੇ ਕਬਜ਼ਾ ਕੀਤਾ ਹੋਇਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਸਿਆਸੀ ਘਰਾਂ ਨੂੰ ਹੱਥ ਪਾਉਣ ਤੋਂ ਪਹਿਲਾਂ ਹੋਰਨਾਂ ਸਿਆਸੀ ਰਸੂਖਵਾਨਾਂ ਤੋਂ ਜ਼ਮੀਨ ਕਬਜ਼ਾ ਮੁਕਤ ਕਰਾ ਕੇ ਰਾਹ ਪੱਧਰਾ ਕੀਤਾ ਹੈ। ਸੂਤਰ ਦੱਸਦੇ ਹਨ ਕਿ ‘ਆਪ’ ਸਰਕਾਰ ਦੀ ਆਉਂਦੇ ਦਿਨਾਂ ਵਿਚ ਨਾਮੀ ਸਿਆਸੀ ਘਰਾਣਿਆਂ ਦੇ ਘਰ ਤੱਕ ਪਹੁੰਚਣ ਦੀ ਵਿਉਂਤ ਹੈ। ਇਸੇ ਦੌਰਾਨ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਗੋਬਿੰਦ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਮਾਮੇ ਦੇ ਨਾਂ ’ਤੇ 13 ਤੋਂ 15 ਏਕਡ਼ ਜ਼ਮੀਨ ਹੈ ਜੋ ਪੁਸ਼ਤੈਨੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਝੂਠਾ ਡਰਾਮਾ ਰਚਿਆ ਹੈ ਜਦਕਿ ਹਾਈ ਕੋਰਟ ਵੱਲੋਂ ਸਟੇਅ ਲਾਇਆ ਹੋਇਆ ਹੈ। ਉਹ ਮੁੱਖ ਮੰਤਰੀ, ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਖ਼ਿਲਾਫ਼ ਮਾਣਹਾਨੀ ਦਾ ਕੇਸ ਕਰਨਗੇ। ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਕਾਂਗਡ਼ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਾਈਵੇਟ ਵਿਅਕਤੀਆਂ ਤੋਂ ਜ਼ਮੀਨ ਖ਼ਰੀਦੀ ਸੀ ਨਾ ਕਿ ਇਹ ਪੰਚਾਇਤੀ ਜ਼ਮੀਨ ਹੈ।