ਏਜੰਟਾਂ ਦੀ ਧੋਖਾਧੜੀ ਕਾਰਨ ਦੇਸ਼-ਨਿਕਾਲੇ ਵਾਲੇ ਹੁਕਮਾਂ ਦਾ ਸਾਹਮਣਾ ਕਰ ਰਹੇ 700 ਭਾਰਤੀ ਵਿਦਿਆਰਥੀਆਂ ਦੇ ਹੱਕ ‘ਚ ਇਮੀਗਰੇਸ਼ਨ ਅਤੇ ਰਫਿਊਜੀ ਕੈਨੇਡਾ (ਆਈ.ਆਰ.ਸੀ.ਸੀ.) ਦੇ ਟੋਰਾਂਟੋ ਦਫ਼ਤਰ ਦੇ ਸਾਹਮਣੇ ਅੱਜ ਇਕ ਰੋਸ ਪ੍ਰਦਰਸ਼ਨ ਕੀਤਾ ਗਿਆ। ਜਗਰਾਉਂ ਨਾਲ ਸਬੰਧਤ ਮਾਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ ਦੇ ਆਗੂ ਵਰੁਣ ਖੰਨਾ ਨੇ ਹਰਿੰਦਰ ਸਿੰਘ ਮਹਿਰੋਕ, ਚਮਨਦੀਪ ਸਿੰਘ ਤੇ ਹੋਰਨਾਂ ਨਾਲ ਮਿਲ ਕੇ ਇਸ ਮੁਜ਼ਾਹਰੇ ਦੀ ਅਗਵਾਈ ਕੀਤੀ। ਜਲੰਧਰ ਪੁਲੀਸ ਨੇ ਭਾਵੇਂ ਇਸ ਮਾਮਲੇ ‘ਚ ਤਿੰਨ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਇਨ੍ਹਾਂ ਵਿਦਿਆਰਥੀਆਂ ਦੇ ਪੱਖ ‘ਚ ਫ਼ੈਸਲਾ ਲੈਣ ਦੀ ਮੰਗ ਨੂੰ ਲੈ ਕੇ ਇਹ ਮੁਜ਼ਾਹਰਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਸੱਤ ਸੌ ਵਿਦਿਆਰਥੀ, ਜਿਨ੍ਹਾਂ ‘ਚ ਬਹੁਗਿਣਤੀ ‘ਚ ਪੰਜਾਬੀ ਹਨ, ਕਰੀਬ ਢਾਈ ਕੁ ਸਾਲ ਪਹਿਲਾਂ ਟੋਰਾਂਟੋ ਪੜ੍ਹਾਈ ਲਈ ਪੁੱਜੇ ਸਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਾਅਲੀ ਦਸਤਾਵੇਜ਼ ਏਜੰਟ ਨੇ ਲਾਏ ਪਰ ਇਸ ਦਾ ਖਮਿਆਜ਼ਾ ਹੁਣ ਇਹ ਵਿਦਿਆਰਥੀ ਭੁਗਤ ਰਹੇ ਹਨ। ਇਨ੍ਹਾਂ ਨੇ ਦੋ ਸਾਲ ਸਖ਼ਤ ਮਿਹਨਤ ਕਰਕੇ ਪੜ੍ਹਾਈ ਵੀ ਪੂਰੀ ਕੀਤੀ ਅਤੇ ਵਤਨੋਂ ਤੇ ਪਰਿਵਾਰਾਂ ਤੋਂ ਦੂਰ ਪੜ੍ਹਾਈ ਦੇ ਨਾਲ-ਨਾਲ ਰਿਹਾਇਸ਼ੀ ਕਿਰਾਏ, ਮਹਿੰਗੀਆਂ ਫੀਸਾਂ, ਗਰੌਸਰੀ ਤੇ ਹੋਰ ਲੋੜੀਂਦੇ ਖਰਚਿਆਂ ਲਈ ਦਿਨ-ਰਾਤ ਕੰਮ ਕੀਤਾ। ਜਦੋਂ ਵਿਦਿਆਰਥੀਆਂ ਨੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਪੀਆਰ ਲਈ ਅਪਲਾਈ ਕੀਤਾ ਤਾਂ ਕਈ ਵਿਦਿਆਰਥੀਆਂ ਨੂੰ ‘ਕੈਨੇਡਾ ਬਾਰਡਰ ਸਰਵਿਸ ਏਜੰਸੀ’ ਵੱਲੋਂ ਜਾਅਲੀ ਦਾਖ਼ਲਾ ਪੱਤਰ ਲਗਾ ਕੇ ਕੈਨੇਡਾ ‘ਚ ਦਾਖ਼ਲ ਹੋਣ ਦੇ ਦੋਸ਼ ਹੇਠ ਦੇਸ਼-ਨਿਕਾਲੇ ਦੇ ਪੱਤਰ ਭੇਜੇ ਗਏ। ਉਨ੍ਹਾਂ ਦੱਸਿਆ ਕਿ ਕਈ ਸਾਲ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਚਨਚੇਤ ਵਿਦਿਆਰਥੀਆਂ ਨੂੰ ਮਿਲੇ ਇਨ੍ਹਾਂ ਪੱਤਰਾਂ ਨੇ ਵਿਦਿਆਰਥੀਆਂ ਦੇ ਸੁਪਨਿਆਂ ਅਤੇ ਮਿਹਨਤ ‘ਤੇ ਪਾਣੀ ਫੇਰਨ ਦਾ ਕੰਮ ਕੀਤਾ ਅਤੇ ਮਾਨਸਿਕ ਪ੍ਰੇਸ਼ਾਨੀ ਵੱਲ ਧੱਕਿਆ ਹੈ। ਆਗੂਆਂ ਨੇ ਕਿਹਾ ਕਿ ਕੈਨੇਡੀਅਨ ਕਾਲਜਾਂ, ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਤੇ ਹੋਰ ਸਰਕਾਰੀ ਅਦਾਰਿਆਂ ਨੂੰ ਵਿਦਿਆਰਥੀਆਂ ਦੇ ਕੈਨੇਡਾ ‘ਚ ਦਾਖ਼ਲ ਹੋਣ ਤੋਂ ਪਹਿਲਾਂ ਪੇਪਰ ਦੇਖਣੇ ਚਾਹੀਦੇ ਸਨ। ਹੁਣ ਸਾਰਾ ਤੋੜਾ ਵਿਦਿਆਰਥੀਆਂ ਸਿਰ ਭੰਨ੍ਹਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਕੈਨੇਡੀਅਨ ਆਰਥਿਕਤਾ ਅਤੇ ਸਿੱਖਿਆ ਨੀਤੀ ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਅਹਿਮ ਯੋਗਦਾਨ ਹੈ ਅਤੇ ਸਰਕਾਰ ਨੂੰ ਇਸ ਨੂੰ ਅੱਖੋਂ ਓਹਲੇ ਨਹੀਂ ਕਰਨਾ ਚਾਹੀਦਾ। ਕੈਨੇਡੀਅਨ ਸਰਕਾਰ ਨੂੰ ਧੋਖਾਧੜੀ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਨੂੰ ਦੇਸ਼-ਨਿਕਾਲਾ ਦੇਣ ਦੀ ਬਜਾਏ ਉਨ੍ਹਾਂ ਨੂੰ ਜ਼ਿੰਦਗੀ ‘ਚ ਅੱਗੇ ਵੱਧਣ ‘ਚ ਸਹਿਯੋਗ ਕਰਨਾ ਚਾਹੀਦਾ ਹੈ। ਨਾਅਰੇਬਾਜ਼ੀ ਕਰਦਿਆਂ ਵਿਦਿਆਰਥੀਆਂ ਨੇ ਦੇਸ਼-ਨਿਕਾਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਸਮੇਂ ਰਵਿੰਦਰ ਔਲਖ, ਮਨਪ੍ਰੀਤ ਕੌਰ, ਰਮਨਜੋਤ ਕੌਰ, ਕਰਮਜੀਤ ਕੌਰ, ਰਣਵੀਰ ਸਿੰਘ, ਮਨਦੀਪ ਤੋਂ ਹੋਰਨਾਂ ਜਥੇਬੰਦੀਆਂ ਵੱਲੋਂ ਬਲਦੇਵ ਰਹਿਪਾ, ਐਰਨ, ਜੈਜ, ਮਾਇਕਾ, ਕੁਲਦੀਪ ਬੋਪਾਰਾਏ, ਚਰਨਜੀਤ ਸੰਧੂ ਨੇ ਵਿਦਿਆਰਥੀਆਂ ਦੇ ਹੱਕ ‘ਚ ਸੰਬੋਧਨ ਕੀਤਾ।