ਕੈਨੇਡਾ ‘ਚ ਲੱਖਾਂ ਲੋਕ ਲੋਟੋ ਅਤੇ 640 ਲਾਟਰੀ ਪਾਉਂਦੇ ਹਨ ਅਤੇ ਕਈ ਵਾਰ ਇਹ ਪੰਜਾਬੀ ਮੂਲ ਦੇ ਲੋਕਾਂ ਨੂੰ ਵੀ ਮਾਲਾਮਾਲ ਕਰਦੀ ਹੈ। ਹੁਣ ਸਰੀ ਦੇ ਇਕ ਪੰਜਾਬੀ ਜੋੜੇ ਦੀ ਕਿਸਮਤ ਚਮਕੀ ਹੈ ਜਿਨ੍ਹਾਂ ਦੀ 5 ਲੱਖ ਡਾਲਰ ਦੀ ਲਾਟਰੀ ਨਿਕਲੀ ਹੈ। ਸਰੀ ‘ਚ ਰਹਿਣ ਵਾਲੇ ਪੰਜਾਬੀ ਜੋੜੇ ਹਰਭਜਨ ਸਿੰਘ ਪੁਰਬਾ ਅਤੇ ਉਨ੍ਹਾਂ ਦੀ ਪਤਨੀ ਸਵਰਨ ਕੌਰ ਪੁਰਬਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ 500,000 ਡਾਲਰ ਦੀ ਇਨਾਮੀ ਰਾਸ਼ੀ ਵਾਲੀ ਲਾਟਰੀ ਜਿੱਤ ਲਈ ਹੈ, ਜੋ ਕਿ ਸਰੀ ਦੇ 64 ਐਵੇਨਿਊ ਅਤੇ 144 ਸਟਰੀਟ ਸਥਿਤ 7-ਇਲੈਵਨ ਤੋਂ ਖ਼ਰੀਦੀ ਗਈ ਸੀ। ਹਰਭਜਨ ਸਿੰਘ ਮੁਤਾਬਕ ਲਾਟਰੀ ਜਿੱਤਣ ਦੀ ਖ਼ੁਸ਼ੀ ਸਭ ਤੋਂ ਪਹਿਲਾਂ ਉਨ੍ਹਾਂ ਆਪਣੀ ਪਤਨੀ ਸਵਰਨ ਕੌਰ ਨਾਲ ਸਾਂਝੀ ਕੀਤੀ ਅਤੇ ਉਹ ਇਸ ਜਿੱਤ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਹੁਣ ਇਸ ਜਿੱਤੀ ਹੋਈ ਇਨਾਮੀ ਰਾਸ਼ੀ ਨਾਲ ਹਰਭਜਨ ਸਿੰਘ ਨੇ ਆਪਣੇ ਮੋਰਗੇਜ ਦਾ ਭੁਗਤਾਨ ਕਰਨ ਅਤੇ ਭਾਈਚਾਰੇ ਦੀ ਮਦਦ ਕਰਨ ਦੀ ਯੋਜਨਾ ਬਣਾਈ ਹੈ। ਉਸ ਨੇ ਪਰਿਵਾਰ ਦੇ ਬਾਕੀ ਜੀਆਂ ਨਾਲ ਵੀ ਇਹ ਖੁਸ਼ੀ ਸਾਂਝੀ ਕੀਤੀ ਅਤੇ ਕਿਸੇ ਨੂੰ ਇਹ ਯਕੀਨ ਨਹੀਂ ਸੀ ਹੋ ਰਿਹਾ ਕਿ ਇੰਨੀ ਵੱਡੀ ਰਕਮ ਦੀ ਲਾਟਰੀ ਨਿਕਲੀ ਹੈ।