ਸੂਰਯਕੁਮਾਰ ਯਾਦਵ ਦੀਆਂ 26 ਗੇਂਦਾਂ ‘ਤੇ 68 ਦੌੜਾਂ ਦੀ ਹਮਲਾਵਰ ਪਾਰੀ ਤੇ ਵਿਰਾਟ ਕੋਹਲੀ (ਅਜੇਤੂ 59) ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ ਇੰਡੀਆ ਨੇ ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ‘ਚ ਹਾਂਗਕਾਂਗ ਨੂੰ 40 ਦੌੜਾਂ ਨਾਲ ਹਰਾ ਕੇ ਗਰੁੱਪ-ਏ ਤੋਂ ਸੁਪਰ-4 ‘ਚ ਪ੍ਰਵੇਸ਼ ਕਰ ਲਿਆ। ਇੰਡੀਆ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਉਸ ਨੇ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ‘ਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਗਰੁੱਪ-ਬੀ ਤੋਂ ਅਫਗਾਨਿਸਤਾਨ ਸੁਪਰ-4 ‘ਚ ਪਹੁੰਚ ਚੁੱਕੀ ਹੈ। ਇੰਡੀਆ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਦੋ ਵਿਕਟਾਂ ‘ਤੇ 192 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ, ਜਿਸ ਤੋਂ ਬਾਅਦ ਹਾਂਗਕਾਂਗ ਦੀ ਟੀਮ ਨੇ ਪੂਰੇ ਓਵਰ ਖੇਡੇ ਤੇ 5 ਵਿਕਟਾਂ ਗੁਆ ਕੇ 152 ਦੌੜਾਂ ਬਣਾਈਆਂ। ਸੂਰਯਕੁਮਾਰ ਤੇ ਕੋਹਲੀ ਨੇ ਤੀਜੀ ਵਿਕਟ ਲਈ 98 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਇਨ੍ਹਾਂ ਦੋਵਾਂ ‘ਚੋਂ ਸੂਰਯਕੁਮਾਰ ਨੇ ਕਾਫੀ ਹਮਲਾਵਰ ਬੱਲੇਬਾਜ਼ੀ ਕੀਤੀ। ਉਸ ਨੇ 26 ਗੇਂਦਾਂ ‘ਚ 6 ਚੌਕੇ ਤੇ 6 ਹੀ ਛੱਕੇ ਲਾਏ ਜਿਸ ਨਾਲ ਕੋਹਲੀ ਦਾ ਅਰਧ ਸੈਂਕੜਾ ਥੋੜ੍ਹਾ ਫਿੱਕਾ ਪੈ ਗਿਆ। ਕੋਹਲੀ ਨੇ ਕਾਫੀ ਸਮੇਂ ਬਾਅਦ ਅਰਧ ਸੈਂਕੜਾ ਲਾਇਆ। ਇਸ ਤੋਂ ਪਹਿਲਾਂ ਉਸ ਨੇ 18 ਫਰਵਰੀ ਨੂੰ ਕੋਲਕਾਤਾ ‘ਚ ਵੈਸਟਇੰਡੀਜ਼ ਵਿਰੁੱਧ 52 ਦੌੜਾਂ ਬਣਾਈਆਂ ਸਨ। ਪਾਕਿਸਤਾਨ ਵਿਰੁੱਧ 34 ਗੇਂਦਾਂ ‘ਤੇ 35 ਦੌੜਾਂ ਦੀ ਪਾਰੀ ਖੇਡਣ ਵਾਲੇ ਕੋਹਲੀ ਨੇ 44 ਗੇਂਦਾਂ ‘ਤੇ 1 ਚੌਕਾ ਤੇ 3 ਛੱਕੇ ਲਾਏ। ਹਾਂਗਕਾਂਗ ਨੇ ਟਾਸ ਜਿੱਤ ਕੇ ਇੰਡੀਆ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਕਪਤਾਨ ਰੋਹਿਤ ਸ਼ਰਮਾ ਨੇ 21 ਦੌੜਾਂ ਬਣਾ ਕੇ ਲੋਕੇਸ਼ ਰਾਹੁਲ ਦੇ ਨਾਲ ਪਹਿਲੀ ਵਿਕਟ ਲਈ 38 ਦੌੜਾਂ ਦੀ ਸਾਂਝੇਦਾਰੀ ਕੀਤੀ। ਰਾਹੁਲ ਨੇ ਵਿਕਟ ‘ਤੇ ਸੰਘਰਸ਼ ਕਰਦੇ ਹੋਏ 39 ਗੇਂਦਾਂ ‘ਤੇ 36 ਦੌੜਾਂ ਬਣਾਈਆਂ। 13ਵੇਂ ਓਵਰ ‘ਚ 94 ਦੌੜਾਂ ‘ਤੇ ਰਾਹੁਲ ਦੀ ਵਿਕਟ ਡਿੱਗਣ ਤੋਂ ਬਾਅਦ ਕੋਹਲੀ ਤੇ ਸੂਰਯਕੁਮਾਰ ਨੇ ਮੋਰਚਾ ਸੰਭਾਲਿਆ ਤੇ ਤੀਜੀ ਵਿਕਟ ਲਈ 45 ਗੇਂਦਾਂ ‘ਤੇ 98 ਦੌੜਾਂ ਜੋੜੀਆਂ। ਕੋਹਲੀ ਨੇ ਆਪਣੀ ਪਾਰੀ ‘ਚ ਪਾਵਰ ਹਿਟਿੰਗ ਕਰਦੇ ਹੋਏ ਤਿੰਨ ਅਸਮਾਨ ਛੂੰਹਦੇ ਛੱਕੇ ਲਗਾਏ। ਦੂਜੇ ਪਾਸੇ ਧਮਾਕੇਦਾਰ ਬੱਲੇਬਾਜ਼ੀ ਦੇ ਸਿਖਰ ‘ਤੇ ਪਹੁੰਚੇ ਸੂਰਯਕੁਮਾਰ ਨੇ 261.54 ਦੀ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ। ਉਸ ਨੇ ਹਾਰੂਨ ਅਰਸ਼ਦ ਦੇ ਆਖਰੀ ਓਵਰ ‘ਚ 4 ਛੱਕੇ ਲਾਉਂਦੇ ਹੋਏ 26 ਦੌੜਾਂ ਬਣਾਈਆਂ ਤੇ ਇੰਡੀਆ ਨੇ ਆਖਰੀ 5 ਓਵਰਾਂ ‘ਚ 76 ਦੌੜਾਂ ਜੋੜ ਕੇ 20 ਓਵਰਾਂ ‘ਚ 192 ਦੌੜਾਂ ਬਣਾਈਆਂ। ਹਾਂਗਕਾਂਗ ਲਈ ਇਸ ਪਹਾੜ ਵਰਗੇ ਟੀਚੇ ਤੱਕ ਪਹੁੰਚਣਾ ਮੁਸ਼ਕਿਲ ਸੀ ਪਰ ਉਸ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਜਜ਼ਬਾ ਦਿਖਾਇਆ ਤੇ ਸਿਰਫ 5 ਵਿਕਟਾਂ ਗੁਆਈਆਂ। ਟੀਮ ਨੇ ਆਖਰੀ 2 ਓਵਰਾਂ ‘ਚ 33 ਦੌੜਾਂ ਜੋੜੀਆਂ। ਇੰਡੀਆ ਲਈ ਆਵੇਸ਼ ਖਾਨ ਸਭ ਤੋਂ ਮਹਿੰਗਾ ਸਾਬਤ ਹੋਇਆ ਜਿਸ ਨੇ 4 ਓਵਰਾਂ ਵਿਚ 53 ਦੌੜਾਂ ਦੇ ਕੇ 1 ਵਿਕਟ ਲਈ। ਅਰਸ਼ਦੀਪ ਸਿੰਘ ਨੇ ਵੀ 4 ਓਵਰਾਂ ‘ਚ 44 ਦੌੜਾਂ ਦੇ ਦਿੱਤੀਆਂ ਤੇ ਇਕ ਵਿਕਟ ਲਈ।