ਪਿਛਲੇ ਸਾਲ ਕਾਰ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਗੰਭੀਰ ਰੂਪ ‘ਚ ਜ਼ਖਮੀ ਹੋਏ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਰਿਸ਼ਭ ਪੰਤ ਨਾਲ ਟੀਮ ਇੰਡੀਆ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਮੁਲਾਕਾਤ ਕੀਤੀ। ਹਾਦਸੇ ਮਗਰੋਂ ਫਿਲਹਾਲ ਪੰਤ ਆਪਣੇ ਜੱਦੀ ਘਰ ‘ਚ ਹਨ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਯੁਵਰਾਜ ਸਿੰਘ ਨੇ ਰਿਸ਼ਭ ਪੰਤ ਨਾਲ ਮੁਲਾਕਾਤ ਦੀ ਸੋਸ਼ਲ ਮੀਡੀਆ ‘ਤੇ ਇਕ ਫੋਟੋ ਸ਼ੇਅਰ ਕੀਤੀ। ਯੁਵਰਾਜ ਸਿੰਘ ਨੇ ਪੰਤ ਨੂੰ ਮਿਲ ਕੇ ਉਸ ਦਾ ਹੌਸਲਾ ਵਧਾਇਆ। ਯੁਵਰਾਜ ਨੇ ਪੰਤ ਨਾਲ ਫੋਟੋ ਸ਼ੇਅਰ ਕਰਨ ਸਮੇਂ ਲਿਖਿਆ- ‘ਬੱਚਿਆਂ ਦੇ ਕਦਮਾਂ ‘ਤੇ। ਇਹ ਚੈਂਪੀਅਨ ਜਲਦੀ ਹੀ ਉਭਰੇਗਾ। ਉਸ ਨਾਲ ਗੱਲਬਾਤ ਕਰਨਾ ਚੰਗਾ ਲੱਗਿਆ। ਉਹ ਇਕ ਸਕਾਰਾਤਮਕ ਅਤੇ ਮਜ਼ਾਕੀਆ ਵਿਅਕਤੀ ਹੈ।’ ਫੋਟੋ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਕਮੈਂਟਸ ਦਾ ਹੜ੍ਹ ਆ ਗਿਆ। ਪੰਤ ਨੇ ਕੁਝ ਦਿਨ ਪਹਿਲਾਂ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਸ਼ਤਰੰਜ ਖੇਡਦੇ ਹੋਏ ਇਕ ਫੋਟੋ ਵੀ ਸ਼ੇਅਰ ਕੀਤੀ ਸੀ। ਉਹ ਕਿਸੇ ਨਾਲ ਸ਼ਤਰੰਜ ਖੇਡਦੇ ਨਜ਼ਰ ਆਏ, ਪਰ ਇਹ ਸਪੱਸ਼ਟ ਨਹੀਂ ਹੈ ਕਿ ਵਿਕਟਕੀਪਰ-ਬੱਲੇਬਾਜ਼ ਕਿਸ ਨਾਲ ਖੇਡ ਰਿਹਾ ਸੀ। ਉਨ੍ਹਾਂ ਨੇ ਫੋਟੋ ਦਾ ਕੈਪਸ਼ਨ ਵੀ ਦਿੱਤਾ – ‘ਕੀ ਕੋਈ ਅੰਦਾਜ਼ਾ ਲਗਾ ਸਕਦਾ ਹੈ ਕਿ ਕੌਣ ਖੇਡ ਰਿਹਾ ਹੈ?’ ਇਸ ਤੋਂ ਪਹਿਲਾਂ ਪੰਤ ਨੇ ਲਿਗਾਮੈਂਟ ਟਾਈਟ ਨਾਲ ਜੁੜੀ ਆਪਣੀ ਸਰਜਰੀ ਬਾਰੇ ਅਪਡੇਟ ਦਿੱਤੀ ਸੀ। ਪੰਤ ਨੇ ਟਵਿੱਟਰ ‘ਤੇ ਲਿਖਿਆ ਸੀ ਕਿ ਮੈਂ ਸਾਰੇ ਸਮਰਥਨ ਅਤੇ ਸ਼ੁਭਕਾਮਨਾਵਾਂ ਲਈ ਧੰਨਵਾਦੀ ਹਾਂ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੇਰੀ ਸਰਜਰੀ ਸਫ਼ਲ ਰਹੀ ਹੈ। ਰਿਕਵਰੀ ਦਾ ਰਾਹ ਸ਼ੁਰੂ ਹੋ ਗਿਆ ਹੈ ਅਤੇ ਮੈਂ ਆਉਣ ਵਾਲੀਆਂ ਚੁਣੌਤੀਆਂ ਲਈ ਤਿਆਰ ਹਾਂ। ਬੀ.ਸੀ.ਸੀ.ਆਈ. ਅਤੇ ਸਰਕਾਰੀ ਅਧਿਕਾਰੀਆਂ ਦਾ ਉਨ੍ਹਾਂ ਦੇ ਅਟੁੱਟ ਸਮਰਥਨ ਲਈ ਧੰਨਵਾਦ। ਜ਼ਿਕਰਯੋਗ ਹੈ ਕਿ ਹਾਦਸੇ ਦੇ ਬਾਅਦ ਤੋਂ ਪੰਤ ਲਗਾਤਾਰ ਠੀਕ ਹੋਣ ਦੇ ਰਾਹ ‘ਤੇ ਹਨ ਕਿਉਂਕਿ ਕ੍ਰਿਕਟ ਵਰਲਡ ਕੱਪ ਇਸ ਸਾਲ ਇੰਡੀਆ ‘ਚ ਹੋਣਾ ਹੈ ਇਸ ਲਈ ਕ੍ਰਿਕਟ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਉਹ ਠੀਕ ਹੋ ਕੇ ਟੀਮ ਇੰਡੀਆ ‘ਚ ਵਾਪਸੀ ਕਰੇਗਾ।