ਨਿਊਯਾਰਕ ਸਿਟੀ ‘ਚ ਬੀਤੇ ਦਿਨ ਸਮਾਗਮ ਦੌਰਾਨ ਇਕ ਵਿਅਕਤੀ ਵੱਲੋਂ ਕੀਤੇ ਹਮਲੇ ‘ਚ ਜ਼ਖ਼ਮੀ ਹੋਏ ਅੰਗਰੇਜ਼ੀ ਦੇ ਉੱਘੇ ਲੇਖਕ ਸਲਮਾਨ ਰਸ਼ਦੀ ਵੈਂਟੀਲੇਟਰ ‘ਤੇ ਹਨ ਤੇ ਉਨ੍ਹਾਂ ਅੱਖ ਹਮੇਸ਼ਾ ਲਈ ਜਾ ਸਕਦੀ ਹੈ। ‘ਚਾਕੂ ਦੇ ਹਮਲੇ’ ਤੋਂ ਬਾਅਦ ਉਨ੍ਹਾਂ ਦੇ ਜਿਗਰ ਦੀ ਹਾਲਤ ਵੀ ਖ਼ਰਾਬ ਹੈ। ਸਲਮਾਨ ਰਸ਼ਦੀ ‘ਤੇ ਉਸ ਸਮੇਂ ਜਾਨਲੇਵਾ ਹਮਲਾ ਕੀਤਾ ਗਿਆ ਜਦੋਂ ਉਹ ਪੱਛਮੀ ਨਿਊਯਾਰਕ ‘ਚ ਭਾਸ਼ਣ ਦੇਣ ਜਾ ਰਹੇ ਸਨ। ਰਸ਼ਦੀ ਨੂੰ ਉਸ ਦੀਆਂ ਲਿਖਤਾਂ ਕਾਰਨ 1980ਵਿਆਂ ‘ਚ ਇਰਾਨ ਤੋਂ ਮੌਤ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ। ਜਾਣਕਾਰੀ ਅਨੁਸਾਰ ਮੁੰਬਈ ‘ਚ ਪੈਦਾ ਹੋਏ ਤੇ ਬੁੱਕਰ ਪੁਰਸਕਾਰ ਨਾਲ ਸਨਮਾਨਿਤ 75 ਸਾਲਾ ਰਸ਼ਦੀ ਪੱਛਮੀ ਨਿਊਯਾਰਕ ਦੀ ਸ਼ੁਤਾਕੁਵਾ ਇੰਸਟੀਚਿਊਟ ‘ਚ ਇਕ ਪ੍ਰੋਗਰਾਮ ਦੌਰਾਨ ਆਪਣਾ ਭਾਸ਼ਣ ਸ਼ੁਰੂ ਕਰਨ ਹੀ ਵਾਲੇ ਸਨ ਕਿ ਉਥੇ ਮੌਜੂਦ ਇਕ ਵਿਅਕਤੀ ਮੰਚ ‘ਤੇ ਚੜ੍ਹਿਆ ਤੇ ਉਸ ਨੇ ਰਸ਼ਦੀ ਨੂੰ ਮੁੱਕੇ ਮਾਰੇ ਅਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਸ ਸਮੇਂ ਪ੍ਰੋਗਰਾਮ ‘ਚ ਰਸ਼ਦੀ ਨਾਲ ਜਾਣ-ਪਛਾਣ ਕਰਵਾਈ ਜਾ ਰਹੀ ਸੀ। ਇਸ ਹਮਲੇ ਮਗਰੋਂ ਸਲਮਾਨ ਰਸ਼ਦੀ ਸਟੇਜ ‘ਤੇ ਡਿੱਗ ਪਏ। ਆਨਲਾਈਨ ਪੋਸਟ ਕੀਤੀ ਗਈ ਇੱਕ ਵੀਡੀਓ ‘ਚ ਘਟਨਾ ਤੋਂ ਤੁਰੰਤ ਬਾਅਦ ਮੌਕੇ ‘ਤੇ ਹਾਜ਼ਰ ਲੋਕ ਮੰਚ ਵੱਲ ਭੱਜਦੇ ਦੇਖੇ ਜਾ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੂੰ ਮੌਕੇ ‘ਤੇ ਕਾਬੂ ਕਰਕੇ ਹਿਰਾਸਤ ‘ਚ ਲੈ ਲਿਆ ਗਿਆ। ਟਵਿੱਟਰ ਦੀ ਵਰਤੋਂ ਕਰਨ ਵਾਲੀ ਰਿਆਨ ਕੈਲੀ ਨੇ ਇਕ ਟਵੀਟ ‘ਚ ਕਿਹਾ ਕਿ ਰਸ਼ਦੀ ਨੂੰ ਮੰਚ ‘ਤੇ ਜਾਣ ਦੌਰਾਨ ਚਾਕੂ ਮਾਰਿਆ ਗਿਆ ਤੇ ਉਥੇ ਹੀ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਆਜ਼ਾਦ ਪੱਤਰਕਾਰ ਮੈਰੀ ਨਿਊਜ਼ਾਮ ਨੇ ਕਿਹਾ ਕਿ ਰਸ਼ਦੀ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਸ ਨੇ ਹਮਲੇ ਸਮੇਂ ਦੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ।