ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇਣ ਤੋਂ ਬਾਅਦ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨਵੀਂ ਦਿੱਲੀ ‘ਚ ਭਾਜਪਾ ‘ਚ ਸ਼ਾਮਲ ਹੋ ਗਏ। ਉਨ੍ਹਾਂ ਨਾਲ ਸਾਬਕਾ ਵਿਧਾਇਕ ਮਨਮੋਹਨ ਸਿੰਘ ਸਮੇਤ ਹੋਰ ਆਗੂਆਂ ਨੇ ਵੀ ਭਾਜਪਾ ਦਾ ਪੱਲਾ ਫੜਿਆ। ਬੋਨੀ ਅਜਨਾਲਾ ਨੇ ਚਾਰ ਦਿਨ ਪਹਿਲਾਂ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਮੌਕੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੀ ਮੌਜੂਦ ਸਨ। ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਤੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਕੁਮਾਰ ਨੇ ਦੋਵਾਂ ਨੂੰ ਪਾਰਟੀ ‘ਚ ਸ਼ਾਮਲ ਕੀਤਾ। ਮਨਮੋਹਨ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ। ਬੋਨੀ ਅਜਨਾਲਾ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਟਿਕਟ ‘ਤੇ ਪੰਜ ਵਾਰ ਚੋਣ ਲੜ ਚੁੱਕੇ ਹਨ। ਉਹ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਵੀ ਰਹਿ ਚੁੱਕੇ ਹਨ। ਉਧਰ ਭਾਜਪਾ ‘ਚ ਸ਼ਾਮਲ ਹੋਣ ਦੀ ਖ਼ਬਰ ਸੁਣਦਿਆਂ ਹੀ ਅਮਰਪਾਲ ਸਿੰਘ ਬੋਨੀ ਦੇ ਸਮਰਥਕਾਂ ਨੇ ਉਨ੍ਹਾਂ ਦੇ ਅਜਨਾਲਾ ਸਥਿਤ ਦਫ਼ਤਰ ‘ਚ ਲੱਡੂ ਵੰਡ ਕੇ ਖੁਸ਼ੀ ਮਨਾਈ ਅਤੇ ਪੁਰਾਣਾ ਝੰਡਾ ਉਤਾਰ ਕੇ ਭਗਵਾਂ ਝੰਡਾ ਚੜ੍ਹਾ ਦਿੱਤਾ। ਇਸ ਤੋਂ ਪਹਿਲਾਂ ਬਹੁਤ ਆਗੂ ਤੇ ਸਾਬਕਾ ਵਿਧਾਇਕ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸਨ। ਭਾਜਪਾ ਦਾ ਪੰਜਾਬ ‘ਚ ਦਹਾਕਿਆਂ ਤੱਕ ਅਕਾਲੀ ਦਲ ਨਾਲ ਗੱਠਜੋੜ ਰਿਹਾ ਜਿਸ ਕਰਕੇ ਦੋਵੇਂ ਇਕ ਦੂਜੇ ‘ਚ ਸੰਨ੍ਹ ਲਾਉਣ ਤੋਂ ਬਚਦੇ ਰਹੇ ਹਨ। ਪਰ ਹੁਣ ਦੋਵੇਂ ਪਾਰਟੀਆਂ ਨੇ ਸ਼ਰਮ ਵਾਲਾ ਪਰਦਾ ਚੁੱਕ ਦਿੱਤਾ ਹੈ ਅਤੇ ਭਾਜਪਾ ਨੇ ਅਕਾਲੀ ਆਗੂਆਂ ਨੂੰ ਵੀ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਹੈ।